ਊਧਵ ਦੇ ਸਹੁੰ ਚੁੱਕ ਸਮਾਰੋਹ ''ਚ 2 ਹਜ਼ਾਰ ਪੁਲਸ ਕਰਮਚਾਰੀ ਕਰਨਗੇ ਸ਼ਿਵਾਜੀ ਪਾਰਕ ਦੀ ਸੁਰੱਖਿਆ

11/28/2019 1:35:13 PM

ਮੁੰਬਈ— ਮਹਾਰਾਸ਼ਟਰ ਦੇ ਮੁੱਖ ਮੰਤਰੀ ਵਜੋਂ ਵੀਰਵਾਰ ਸ਼ਾਮ ਨੂੰ ਸਹੁੰ ਚੁੱਕਣ ਜਾ ਰਹੇ ਸ਼ਿਵ ਸੈਨਾ ਮੁਖੀ ਊਧਵ ਠਾਕਰੇ ਦੇ ਸਹੁੰ ਚੁੱਕ ਸਮਾਰੋਹ ਲਈ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਇਸ ਸੁਰੱਖਿਆ ਇੰਤਜ਼ਾਮਾਂ ਦੇ ਅਧੀਨ ਸ਼ਿਵਾਜੀ ਪਾਰਕ ਦੀ ਸੁਰੱਖਿਆ 'ਚ ਘੱਟੋ-ਘੱਟ 2 ਹਜ਼ਾਰ ਪੁਲਸ ਕਰਮਚਾਰੀਆਂ ਦੀ ਤਾਇਨਾਤੀ ਕੀਤੀ ਗਈ ਹੈ। ਪੁਲਸ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਇਹ ਇਤਿਹਾਸਕ ਸਥਾਨ ਅੱਜ ਸ਼ਾਮ ਇਕ ਤਰ੍ਹਾਂ ਨਾਲ ਕਿਲ੍ਹੇ 'ਚ ਤਬਦੀਲ ਹੋ ਜਾਵੇਗਾ, ਜਿੱਥੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਤੁਰੰਤ ਪ੍ਰਤੀਕਿਰਿਆ ਦਲ, ਦੰਗਾ ਵਿਰੋਧੀ ਪੁਲਸ, ਰਾਜ ਰਿਜ਼ਰਵ ਪੁਲਸ ਫੋਰਸ, ਸਥਾਨਕ ਹਥਿਆਰਬੰਦ ਪੁਲਸ ਅਤੇ ਬੰਬ ਨਿਕਾਰਾ ਦਸਤੇ ਸਮੇਤ ਵੱਖ-ਵੱਖ ਸੁਰੱਖਿਆ ਫੋਰਸਾਂ ਦੇ ਕਰਮਚਾਰੀਆਂ ਦੀ ਤਾਇਨਾਤੀ ਕੀਤੀ ਜਾਵੇਗੀ।

ਅਧਿਕਾਰੀ ਨੇ ਦੱਸਿਆ ਕਿ ਦਾਦਰ ਇਲਾਕੇ 'ਚ ਸਥਿਤ ਵਿਸ਼ਾਲ ਮੈਦਾਨ ਦੀ ਨਿਗਰਾਨੀ ਲਈ ਡੌਗ ਦਸਤੇ ਦੀ ਵੀ ਤਾਇਨਾਤੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਸਾਦੀ ਵਰਦੀ 'ਚ ਵੀ ਪੁਲਸ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਜਾਵੇਗਾ। ਨਾਲ ਹੀ ਕਿਹਾ ਕਿ ਭੀੜ 'ਤੇ ਨਜ਼ਰ ਰੱਖਣ ਲਈ ਡਰੋਨ ਅਤੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਵਰਤੋਂ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ,''ਲੋਕਾਂ ਨੂੰ ਕਿਸੇ ਤਰ੍ਹਾਂ ਦਾ ਬੈਗ ਜਾਂ ਪਾਣੀ ਦੀ ਬੋਤਲ ਲਿਜਾਉਣ ਦੀ ਮਨਜ਼ੂਰੀ ਨਹੀਂ ਮਿਲੇਗੀ।''

ਪਾਰਕ ਦੇ ਅੰਦਰ ਜਾਣ ਵਾਲੇ ਹਰੇਕ ਵਿਅਕਤੀ ਦੀ ਜਾਂਚ ਕੀਤੀ ਜਾਵੇਗੀ। ਸ਼ਿਵ ਸੈਨਾ ਨਾਲ ਜੁੜੇ ਲੋਕ ਸ਼ਿਵਾਜੀ ਪਾਰਕ ਨਾਲ ਭਾਵਨਾਤਮਕ ਤੌਰ 'ਤੇ ਜੁੜੇ ਹੋਏ ਹਨ, ਕਿਉਂਕਿ ਇਹ ਉਹ ਸਥਾਨ ਹੈ, ਜਿੱਥੇ ਪਾਰਟੀ ਦੇ ਸੰਸਥਾਪਕ ਮਰਹੂਮ ਬਾਲ ਠਾਕਰੇ ਆਪਣੀ ਦੁਸਹਿਰਾ ਰੈਲੀਆਂ ਨੂੰ ਸੰਬੋਧਨ ਕਰਦੇ ਸਨ। ਇਸ ਪਰੰਪਰਾ ਨੂੰ ਹੁਣ ਉਨ੍ਹਾਂ ਦੇ ਬੇਟੇ ਊਧਵ ਠਾਕਰੇ ਨਿਭਾ ਰਹੇ ਹਨ। ਅਧਿਕਾਰੀ ਨੇ ਦੱਸਿਆ ਕਿ ਸੰਯੁਕਤ ਪੁਲਸ ਕਮਿਸ਼ਨਰ (ਕਾਨੂੰਨ ਵਿਵਸਥਾ) ਵਿਨੋਯ ਚੌਬੇ ਸਮੇਤ ਪੁਲਸ ਦੇ ਸੀਨੀਅਰ ਅਧਿਕਾਰੀ ਨੇ ਸਮਾਰੋਹ ਲਈ ਕੀਤੇ ਗਏ ਸੁਰੱਖਿਆ ਇੰਤਜ਼ਾਮਾਂ ਦੀ ਬੁੱਧਵਾਰ ਨੂੰ ਸਮੀਖਿਆ ਕੀਤੀ।


DIsha

Content Editor

Related News