ਪਟਾਕਾ ਫੈਕਟਰੀ ''ਚ ਜ਼ਬਰਦਸਤ ਧਮਾਕਾ, ਦੋ ਮਜ਼ਦੂਰਾਂ ਦੀ ਮੌਤ
Sunday, Sep 01, 2024 - 01:50 PM (IST)
ਥੂਥੁਕੁਡੀ- ਤਾਮਿਲਨਾਡੂ ਦੇ ਦੱਖਣੀ ਜ਼ਿਲ੍ਹੇ ਥੂਥੁਕੁਡੀ 'ਚ ਇਕ ਨਿੱਜੀ ਪਟਾਕਾ ਫੈਕਟਰੀ 'ਚ ਜ਼ਬਰਦਸਤ ਧਮਾਕਾ ਹੋ ਗਿਆ, ਜਿਸ ਕਾਰਨ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 4 ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਇਹ ਹਾਦਸਾ ਨਾਜ਼ਰੇਥ ਪੁਲਸ ਸੀਮਾ ਅਧੀਨ ਕੁਰੀਪਨਕੁਲਮ ਪਿੰਡ 'ਚ ਸ਼ਨੀਵਾਰ ਸ਼ਾਮ ਨੂੰ ਵਾਪਰਿਆ। ਉਨ੍ਹਾਂ ਕਿਹਾ ਕਿ ਧਮਾਕਾ ਉਸ ਸਮੇਂ ਹੋਇਆ ਜਦੋਂ ਸ਼ਿਵਸ਼ਕਤੀ ਪਟਾਕਿਆਂ ਦੀ ਫੈਕਟਰੀ 'ਚ ਮਜ਼ਦੂਰ ਪਟਾਕੇ ਬਣਾਉਣ ਲਈ ਵਰਤੇ ਜਾਂਦੇ ਅਤਿ ਜਲਣਸ਼ੀਲ ਰਸਾਇਣਾਂ ਨੂੰ ਮਿਲਾ ਰਹੇ ਸਨ।
ਧਮਾਕੇ ਤੋਂ ਬਾਅਦ ਲੱਗੀ ਅੱਗ ਨਾਲ ਗੋਦਾਮ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ। ਤਾਮਿਲਨਾਡੂ ਫਾਇਰ ਐਂਡ ਰੈਸਕਿਊ ਸਰਵਿਸ ਦੇ ਕਾਮਿਆਂ ਨੇ ਫੈਕਟਰੀ 'ਚ ਪਹੁੰਚ ਕੇ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਮ੍ਰਿਤਕਾਂ ਦੀ ਪਛਾਣ ਕੇ. ਮੁਥੁਕੰਨਨ (21) ਅਤੇ ਟੀ. ਵਿਜੇ (25) ਵਜੋਂ ਹੋਈ ਹੈ। ਦੋ ਔਰਤਾਂ ਸਮੇਤ ਜ਼ਖਮੀਆਂ ਦਾ ਇਲਾਜ ਤਿਰੂਨੇਲਵੇਲੀ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਅਤੇ ਸਥਾਨਕੁਲਮ ਸਰਕਾਰੀ ਹਸਪਤਾਲ 'ਚ ਚੱਲ ਰਿਹਾ ਹੈ।
ਨਾਜ਼ਰੇਥ ਪੁਲਸ ਨੇ ਮਾਮਲਾ ਦਰਜ ਕਰ ਕੇ ਫੈਕਟਰੀ ਮਾਲਕ ਰਾਮਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁੱਖ ਮੰਤਰੀ ਐੱਮ. ਕੇ. ਸਟਾਲਿਨ ਨੇ 'ਐਕਸ' 'ਤੇ ਇਕ ਪੋਸਟ 'ਚ ਘਟਨਾ 'ਚ ਲੋਕਾਂ ਦੀ ਮੌਤ 'ਤੇ ਸੋਗ ਜ਼ਾਹਰ ਕੀਤਾ ਅਤੇ ਹਰੇਕ ਮ੍ਰਿਤਕ ਦੇ ਪਰਿਵਾਰ ਨੂੰ 3-3 ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 1-1 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ।