9ਵੀਂ ਜਮਾਤ ਦੇ ਵਿਦਿਆਰਥੀਆਂ ਦੀ ਗੰਦੀ ਕਰਤੂਤ, AI ਰਾਹੀਂ ਅਧਿਆਪਕ ਦੀ ਅਸ਼ਲੀਲ ਤਸਵੀਰ ਬਣਾ ਕਰ''ਤੀ ਵਾਇਰਲ
Sunday, Sep 29, 2024 - 12:11 AM (IST)
ਨੈਸ਼ਨਲ ਡੈਸਕ - ਯੂ.ਪੀ. ਦੇ ਮੁਰਾਦਾਬਾਦ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇਕ ਸਕੂਲ ਦੇ ਦੋ ਵਿਦਿਆਰਥੀਆਂ ਨੇ AI (ਆਰਟੀਫੀਸ਼ੀਅਲ ਇੰਟੈਲੀਜੈਂਸ) ਦੀ ਮਦਦ ਨਾਲ ਆਪਣੀ ਮਹਿਲਾ ਅਧਿਆਪਕ ਦੀ ਅਸ਼ਲੀਲ ਤਸਵੀਰ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ, ਜਿਸ ਤੋਂ ਬਾਅਦ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।
ਸਿਵਲ ਲਾਈਨ ਪੁਲਸ ਸਟੇਸ਼ਨ ਦੇ ਐੱਸ.ਐੱਚ.ਓ. ਮਨੀਸ਼ ਸਕਸੈਨਾ ਨੇ ਸ਼ਨੀਵਾਰ ਨੂੰ ਕਿਹਾ, 'ਸਾਨੂੰ ਵੀਰਵਾਰ ਨੂੰ ਇਸ ਮਾਮਲੇ 'ਚ ਸ਼ਿਕਾਇਤ ਮਿਲੀ, ਜਿਸ ਦੇ ਆਧਾਰ 'ਤੇ ਆਈ.ਟੀ. ਐਕਟ ਦੀਆਂ ਧਾਰਾਵਾਂ ਦੇ ਤਹਿਤ ਦੋ ਨਾਬਾਲਗ ਦੋਸ਼ੀਆਂ ਖਿਲਾਫ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ।
ਪੁਲਸ ਮੁਤਾਬਕ ਦੋਵਾਂ ਨੇ ਆਪਣੇ ਸਕੂਲ ਟੀਚਰ ਦੀ ਫਰਜ਼ੀ ਅਸ਼ਲੀਲ ਤਸਵੀਰ ਬਣਾਉਣ ਲਈ ਆਨਲਾਈਨ ਏ.ਆਈ. ਟੂਲ ਦੀ ਵਰਤੋਂ ਕੀਤੀ ਸੀ। ਮੁਲਜ਼ਮਾਂ ਨੇ ਇਹ ਤਸਵੀਰਾਂ ਵੱਖ-ਵੱਖ ਸੋਸ਼ਲ ਮੀਡੀਆ ਗਰੁੱਪਾਂ ਵਿੱਚ ਵੀ ਸਾਂਝੀਆਂ ਕੀਤੀਆਂ ਸਨ। ਤਸਵੀਰ ਸਾਹਮਣੇ ਆਉਣ ਤੋਂ ਬਾਅਦ ਪੀੜਤ ਮਹਿਲਾ ਟੀਚਰ ਨੇ ਵੀਰਵਾਰ ਨੂੰ ਪੁਲਸ ਕੋਲ ਪਹੁੰਚ ਕੀਤੀ। ਮਹਿਲਾ ਦੀ ਸ਼ਿਕਾਇਤ ਤੋਂ ਬਾਅਦ ਤਸਵੀਰ ਨੂੰ ਵੈੱਬ ਤੋਂ ਹਟਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ।