ਤ੍ਰਿਪੁਰਾ: ਸੋਸ਼ਲ ਮੀਡੀਆ ''ਤੇ ਫੈਲੀ ਅਫਵਾਹ, ਦੋ ਲੋਕਾਂ ਦੀ ਭੀੜ ਨੇ ਕੁੱਟ-ਕੁੱਟ ਕੀਤੀ ਹੱਤਿਆ

Friday, Jun 29, 2018 - 11:00 AM (IST)

ਤ੍ਰਿਪੁਰਾ: ਸੋਸ਼ਲ ਮੀਡੀਆ ''ਤੇ ਫੈਲੀ ਅਫਵਾਹ, ਦੋ ਲੋਕਾਂ ਦੀ ਭੀੜ ਨੇ ਕੁੱਟ-ਕੁੱਟ ਕੀਤੀ ਹੱਤਿਆ

ਤ੍ਰਿਪੁਰਾ— ਤ੍ਰਿਪੁਰਾ 'ਚ ਸੋਸ਼ਲ ਮੀਡੀਆ 'ਤੇ ਫੈਲਾਈ ਜਾ ਰਹੀ ਅਫਵਾਹ ਕਾਰਨ ਦੋ ਸਥਾਨਾਂ 'ਤੇ ਦੋ ਲੋਕਾਂ ਦਾ ਭੀੜ ਨੇ ਕੁੱਟ-ਕੁੱਟ ਕੇ ਕਤਲ ਕਰ ਦਿੱਤਾ। ਪਹਿਲੀ ਘਟਨਾ ਰਾਜਧਾਨੀ ਅਗਰਤਲਾ ਤੋਂ ਕਰੀਬ 30 ਕਿਲੋਮੀਟਰ ਦੂਰ ਪੱਛਮੀ ਤ੍ਰਿਪੁਰਾ ਦੇ ਮੁਰਾਬਾਰੀ ਦੀ ਹੈ, ਜਿੱਥੇ ਬੱਚਾ ਚੋਰੀ ਦੇ ਸ਼ੱਕ 'ਚ ਭੀੜ ਨੇ ਕੱਪੜੇ ਵੇਚਣ ਵਾਲੇ ਤਿੰਨ ਲੋਕਾਂ 'ਤੇ ਹਮਲਾ ਕਰ ਦਿੱਤਾ, ਜਿਨ੍ਹਾਂ 'ਚ ਇਕ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਦੋ ਹੋਰ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਮ੍ਰਿਤਕ ਦਾ ਨਾਮ ਜਹੀਰ ਖਾਨ ਕੁਰੈਸ਼ੀ ਹੈ। ਉਹ ਮੂਲ ਰੂਪ ਤੋਂ ਉਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ ਅਤੇ ਤ੍ਰਿਪੁਰਾ 'ਚ ਕੱਪੜਾ ਵੇਚਣ ਦਾ ਕੰਮ ਕਰਦਾ ਸੀ। ਘਟਨਾ 'ਚ ਦੋ ਹੋਰ ਕੱਪੜਾ ਵੇਚਣ ਵਾਲੇ ਖੁਸ਼ਿਤ ਖਾਨ ਅਤੇ ਗੁਲਜਾਰ ਖਾਨ ਸਮੇਤ ਅਗਰਤਲਾ ਦੇ ਇਕ ਟੈਕਸੀ ਡਰਾਈਵਰ ਦੇ ਜ਼ਖਮੀ ਹੋਣ ਦੀ ਖਬਰ ਹੈ। ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਹਮਲੇ 'ਚ ਇਕ ਪੁਲਸ ਕਰਮਚਾਰੀ ਵੀ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਦੇ ਬਾਅਦ ਘਰ ਭੇਜ ਦਿੱਤਾ ਗਿਆ ਹੈ। 
ਦੂਜੀ ਘਟਨਾ ਦੱਖਣੀ ਤ੍ਰਿਪੁਰਾ ਦੇ ਕਾਲਾਚੇਰਾ ਦੀ ਹੈ। ਵੀਰਵਾਰ ਨੂੰ ਇੱਥੇ ਜ਼ਿਲਾ ਪ੍ਰਸ਼ਾਸਨ ਵੱਲੋਂ ਦੋ ਵਿਅਕਤੀ ਘੁੰਮ-ਘੁੰਮ ਕੇ ਲੋਕਾਂ ਤੋਂ ਬੱਚਾ ਚੋਰੀ ਗਿਰੋਹ ਦੇ ਸਰਗਰਮ ਹੋਣ ਵਰਗੀਆਂ ਅਫਵਾਹਾਂ 'ਤੇ ਵਿਸ਼ਵਾਸ ਨਾ ਕਰਨ ਦੀ ਅਪੀਲ ਕਰ ਰਹੇ ਸਨ, ਉਦੋਂ ਗੁੱਸੇ 'ਚ ਆਈ ਭੀੜ ਨੇ ਉਨ੍ਹਾਂ 'ਤੇ ਇਹ ਕਹਿੰਦੇ ਹੋਏ ਹਮਲਾ ਕਰ ਦਿੱਤਾ ਕਿ ਇਹ ਲੋਕ ਅਫਵਾਹਾਂ ਫੈਲਾ ਰਹੇ ਹਨ। ਭੀੜ ਨੇ ਅਨਾਊਂਸਰ ਸੁਕਾਂਤਾ ਚਕਰਵਰਤੀ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਜਦਕਿ ਹੋਰ ਵਿਅਕਤੀ ਹਮਲੇ 'ਚ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ। ਸੂਚਨਾ ਮਿਲਣ 'ਤੇ ਪੁਲਸ ਘਟਨਾ ਸਥਾਨ 'ਤੇ ਪੁੱਜੀ ਅਤੇ ਲਾਠੀਚਾਰਜ ਕਰਕੇ ਭੀੜ ਨੂੰ ਭਜਾਇਆ।


Related News