ਟੈਕਸੀ ਡਰਾਈਵਰ ਸਮੇਤ 2 ਲੋਕਾਂ ਨੇ ਔਰਤ ਨਾਲ ਕੀਤਾ ਬਲਾਤਕਾਰ, ਗਹਿਣੇ ਵੀ ਖੋਹੇ
Friday, Nov 17, 2017 - 05:32 PM (IST)

ਨਵੀਂ ਦਿੱਲੀ— ਗ੍ਰੇਟਰ ਨੋਇਡਾ 'ਚ ਇਕ ਟੈਕਸੀ ਡਰਾਈਵਰ ਅਤੇ ਉਸ ਦੇ ਸਹਿਯੋਗੀ ਵੱਲੋਂ 29 ਸਾਲਾ ਇਕ ਔਰਤ ਨਾਲ ਬਲਾਤਕਾਰ ਅਤੇ ਲੁੱਟਖੋਹ ਕਰਨ ਦਾ ਮਾਮਲਾ ਸਾਹਮਣਾ ਆਇਆ ਹੈ। ਪੁਲਸ ਨੇ ਦੱਸਿਆ ਕਿ ਦੋਸ਼ੀਆਂ ਨੇ ਦਿੱਲੀ ਦੇ ਅੰਸਲ ਪਲਾਜ਼ਾ ਤੋਂ ਔਰਤ ਨੂੰ ਟੈਕਸੀ 'ਚ ਬੈਠਾਉਣ ਤੋਂ ਬਾਅਦ ਗ੍ਰੇਟਰ ਨੋਇਡਾ 'ਚ ਉਸ ਨਾਲ ਕਥਿਤ ਤੌਰ 'ਤੇ ਬਲਾਤਕਾਰ ਕੀਤਾ। 15 ਨਵੰਬਰ ਨੂੰ ਔਰਤ ਪੁਲਸ ਥਾਣੇ ਪੁੱਜੀ ਅਤੇ ਸ਼ਿਕਾਇਤ ਦੇ ਕੇ ਦੋਸ਼ ਲਾਇਆ ਕਿ ਇਕ ਰਾਤ ਪਹਿਲਾਂ ਉਸ ਨਾਲ ਬਲਾਤਕਾਰ ਕੀਤਾ ਗਿਆ। ਪੀੜਤਾ ਨੇ ਪੁਲਸ ਨੂੰ ਦੱਸਿਆ ਕਿ ਕਰੀਬ ਅੱਧੀ ਰਾਤ ਨੂੰ ਉਸ ਨੇ ਰੋਹਿਣੀ ਸਥਿਤ ਆਪਣੇ ਘਰ ਜਾਣ ਲਈ ਅੰਸਲ ਪਲਾਜ਼ਾ ਕੋਲੋਂ ਟੈਕਸੀ ਲਈ।
ਪੁਲਸ ਨੇ ਦੱਸਿਆ ਕਿ ਟੈਕਸੀ ਡਰਾਈਵਰ ਨੇ ਇਕ ਹੋਰ ਸ਼ਖਸ ਨੂੰ ਗੱਡੀ 'ਚ ਬਿਠਾ ਲਿਆ ਅਤੇ ਉਸ ਦੇ ਤੁਰੰਤ ਬਾਅਦ ਉਹ ਉਸ ਨਾਲ ਬਦਸਲੂਕੀ ਕਰਨ ਲੱਗੇ। ਦੋਹਾਂ ਨੇ ਔਰਤ ਨੂੰ ਧਮਕਾਇਆ ਅਤੇ ਗ੍ਰੇਟਰ ਨੋਇਡਾ ਲਿਜਾ ਕੇ ਉਸ ਨਾਲ ਬਲਾਤਕਾਰ ਕੀਤਾ। ਦੋਸ਼ੀਆਂ ਨੇ ਪੀੜਤਾ ਦੇ ਸੋਨੇ ਦੇ ਗਹਿਣੇ, ਸੈੱਲ ਫੋਨ ਅਤੇ 12 ਹਜ਼ਾਰ ਰੁਪਏ ਨਕਦ ਵੀ ਖੋਹ ਲਏ। ਔਰਤ ਕਿਸੇ ਤਰ੍ਹਾਂ ਆਪਣੇ ਘਰ ਪੁੱਜੀ ਅਤੇ ਆਪਣੇ ਪਰਿਵਾਰ ਵਾਲਿਆਂ ਨੂੰ ਘਟਨਾ ਬਾਰੇ ਦੱਸਿਆ। ਇਸ ਤੋਂ ਬਾਅਦ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ ਗਈ। ਔਰਤ ਨੇ ਅੰਸਲ ਪਲਾਜ਼ਾ ਤੋਂ ਟੈਕਸੀ ਲਈ ਸੀ, ਇਸ ਲਈ ਮਾਮਲਾ ਹੌਜ ਪੁਲਸ ਥਾਣੇ 'ਚ ਦਰਜ ਕੀਤਾ ਗਿਆ। ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ।