ਗੈਂਗਸ ਆਫ ਦਿੱਲੀ: ਦਵਾਰਕਾ ''ਚ ਸਰੇਆਮ ਭਿੜੇ ਬਦਮਾਸ਼, ਗੈਂਗਵਾਰ ''ਚ 2 ਢੇਰ
Monday, May 20, 2019 - 12:09 AM (IST)

ਨਵੀਂ ਦਿੱਲੀ— ਦੇਸ਼ ਦੀ ਰਾਜਧਾਨੀ ਦਿੱਲੀ 'ਚ ਆਖਿਰ ਜਿਸ ਗੱਲ ਨੂੰ ਲੈ ਕੇ ਪੁਲਸ ਚਿੰਤਾ 'ਚ ਡੁੱਬੀ ਸੀ, ਉਹ ਗੱਲ ਸੱਚ ਹੋ ਗਈ। ਦਿੱਲੀ ਦੇ ਬਦਮਾਸ਼ਾਂ 'ਚ ਚੱਲ ਰਹੀ ਆਪਸੀ ਰੰਜਿਸ਼ ਸੜਕਾਂ 'ਤੇ ਆ ਗਈ। ਦੋ ਗੈਂਗ ਆਹਮਣੇ-ਸਾਹਮਣੇ ਆ ਗਏ। ਸਰੇਆਮ ਗੋਲੀਆਂ ਚੱਲੀਆਂ। ਦੋਵਾਂ ਗੈਂਗਸ ਦੇ ਬਦਮਾਸ਼ ਇਕ-ਦੂਜੇ ਦੀ ਜਾਨ ਲੈਣਾ ਚਾਹੁੰਦੇ ਸਨ। ਹੋਇਆ ਵੀ ਅਜਿਹਾ ਹੀ ਇਸ ਗੈਂਗਵਾਰ 'ਚ ਦੋ ਬਦਮਾਸ਼ ਮਾਰੇ ਗਏ। ਦਿੱਲੀ ਦੀ ਸੜਕ ਖੂਨ ਨਾਲ ਲਾਲ ਹੋ ਗਈ। ਇਕ ਬਦਮਾਸ਼ ਦੁਸ਼ਮਣ ਗੈਂਗ ਦੀ ਗੋਲੀ ਦਾ ਸ਼ਿਕਾਰ ਬਣਿਆ ਤਾਂ ਦੂਜਾ ਬਦਮਾਸ਼ ਪੁਲਸ ਦੀ ਗੋਲੀ ਨਾਲ ਮਾਰਿਆ ਗਿਆ। ਇਸ ਘਟਨਾ ਨੇ ਇਕ ਵਾਰ ਦੁਬਾਰਾ ਦਿੱਲੀ 'ਚ ਮੌਜੂਦ ਗੈਂਗਸ ਦੀ ਰੰਜਿਸ਼ ਨੂੰ ਬੇਨਕਾਬ ਕਰ ਦਿੱਤਾ।
ਦਿੱਲੀ 'ਚ ਐਤਵਾਰ ਸ਼ਾਮ ਦਵਾਰਕਾ ਦਾ ਇਕ ਇਲਾਕਾ ਗੋਲੀਆਂ ਦੀ ਆਵਾਜ਼ ਨਾਲ ਗੂੰਜ ਉੱਠਿਆ। ਇਕ ਸੜਕ 'ਤੇ ਲਗਾਤਾਰ ਗੋਲੀਆਂ ਚੱਲੀਆਂ। ਕਿਸੇ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ। ਪੁਲਸ ਮੁਤਾਬਕ ਦਵਾਰਕਾ ਮੋਡ ਮੈਟਰੋ ਸਟੇਸ਼ਨ ਦੇ ਹੇਠਾਂ ਐਤਵਾਰ ਸ਼ਾਮ ਚਾਰ ਵਜੇ ਕੁਝ ਬਦਮਾਸ਼ਾਂ ਨੇ ਸਫੈਦ ਰੰਗ ਦੀ ਰਿਟਜ਼ ਕਾਰ 'ਤੇ ਫਾਇਰਿੰਗ ਕਰਨਾ ਸ਼ੁਰੂ ਕਰ ਦਿੱਤਾ। ਕਰੀਬ 15 ਰਾਊਂਡ ਫਾਇਰਿੰਗ ਹੋਈ, ਜਿਨ੍ਹਾਂ 'ਚੋਂ 11 ਗੋਲੀਆਂ ਦੇ ਨਿਸ਼ਾਨ ਕਾਰ ਦੇ ਸ਼ੀਸ਼ਿਆਂ 'ਤੇ ਦਿਖਾਈ ਦੇ ਰਹੇ ਹਨ। ਫਾਇਰਿੰਗ ਦੌਰਾਨ ਰਿਟਜ਼ ਕਾਰ 'ਚ ਸਵਾਰ ਇਕ ਵਿਅਕਤੀ ਮਾਰਿਆ ਗਿਆ। ਪੁਲਸ ਮੁਤਾਬਕ ਜਿਸ ਵਿਅਕਤੀ ਦੀ ਕਾਰ 'ਚ ਮੌਤ ਹੋਈ ਉਸ ਦਾ ਨਾਂ ਪ੍ਰਵੀਣ ਗਹਿਲੋਤ ਸੀ। ਉਹ ਨਬਾਦਾ ਇਲਾਕੇ ਦਾ ਰਹਿਣ ਵਾਲਾ ਇਕ ਨਾਮੀ ਬਦਮਾਸ਼ ਸੀ, ਜੋ ਮਨਜੀਤ ਮਹਲ ਗੈਂਗ ਨਾਲ ਸਬੰਧ ਰੱਖਦਾ ਸੀ। ਉਥੇ ਹੀ ਪ੍ਰਵੀਨ ਨੂੰ ਗੋਲੀ ਮਾਰਨ ਵਾਲੇ ਬਦਮਾਸ਼ ਦਾ ਨਾਂ ਵਿਕਾਸ ਦਲਾਲ ਸੀ। ਵਿਕਾਸ ਵੀ ਇਕ ਵੱਡਾ ਬਦਮਾਸ਼ ਸੀ, ਜਿਸ ਨੂੰ ਪੁਲਸ ਨੇ ਮੌਕੇ 'ਤੇ ਢੇਰ ਕਰ ਦਿੱਤਾ। ਇਸ ਗੱਲ 'ਤੇ ਕਿਸੇ ਨੂੰ ਸ਼ੱਕ ਨਹੀਂ ਕਿ ਇਹ ਵਾਰਦਾਤ ਇਕ ਗੈਂਗਵਾਰ ਹੈ। ਪੁਲਸ ਹੁਣ ਇਸ ਮਾਮਲੇ ਦੀ ਛਾਨਬੀਨ 'ਚ ਲੱਗ ਗਈ ਹੈ। ਗੈਂਗਵਾਰ 'ਚ ਸ਼ਾਮਲ ਦੂਜੇ ਬਦਮਾਸ਼ਾਂ ਦੀ ਭਾਲ ਕੀਤੀ ਜਾ ਰਹੀ ਹੈ।