ਬਹਿਰਾਈਚ ’ਚ ਤੇਂਦੂਆਂ ਦੇ ਹਮਲੇ : ਔਰਤ ਦੀ ਮੌਤ, 8 ਸਾਲਾ ਬੱਚਾ ਗੰਭੀਰ ਜ਼ਖ਼ਮੀ

Thursday, Nov 27, 2025 - 11:52 PM (IST)

ਬਹਿਰਾਈਚ ’ਚ ਤੇਂਦੂਆਂ ਦੇ ਹਮਲੇ : ਔਰਤ ਦੀ ਮੌਤ, 8 ਸਾਲਾ ਬੱਚਾ ਗੰਭੀਰ ਜ਼ਖ਼ਮੀ

ਬਹਿਰਾਈਚ, (ਭਾਸ਼ਾ)- ਉੱਤਰ ਪ੍ਰਦੇਸ਼ ਦੇ ਬਹਿਰਾਈਚ ਜ਼ਿਲੇ ’ਚ ਤੇਂਦੂਆਂ ਦੇ 2 ਵੱਖ-ਵੱਖ ਹਮਲਿਆਂ ਨੇ ਲੋਕਾਂ ’ਚ ਦਹਿਸ਼ਤ ਫੈਲਾਅ ਦਿੱਤੀ ਹੈ। ਪਹਿਲੀ ਘਟਨਾ ’ਚ ਇਕ 55 ਸਾਲਾ ਔਰਤ ਦੀ ਮੌਤ ਹੋ ਗਈ, ਜਦੋਂ ਕਿ ਦੂਜੀ ਘਟਨਾ ’ਚ 8 ਸਾਲਾ ਬੱਚਾ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ।

ਬਹਿਰਾਈਚ ਜੰਗਲਾਤ ਵਿਭਾਗ ਦੇ ਡਿਵੀਜ਼ਨਲ ਅਫ਼ਸਰ ਰਾਮ ਸਿੰਘ ਯਾਦਵ ਅਨੁਸਾਰ, ਫਖ਼ਰਪੁਰ ਥਾਣਾ ਖੇਤਰ ਦੇ ਉਮਰੀ ਦਹਿਲੌਂ ਪਿੰਡ ’ਚ ਬੁੱਧਵਾਰ ਸ਼ਾਮ ਲੱਗਭਗ 7 ਵਜੇ ਸ਼ਾਂਤੀ ਦੇਵੀ (55) ਜੰਗਲ-ਪਾਣੀ ਲਈ ਗੰਨੇ ਦੇ ਖੇਤਾਂ ਦੇ ਕੋਲ ਗਈ ਸੀ। ਇਸੇ ਦੌਰਾਨ ਝਾੜੀਆਂ ’ਚੋਂ ਨਿਕਲੇ ਤੇਂਦੂਏ ਨੇ ਉਸ ’ਤੇ ਹਮਲਾ ਕਰ ਦਿੱਤਾ।

ਗੰਭੀਰ ਰੂਪ ’ਚ ਜ਼ਖ਼ਮੀ ਸ਼ਾਂਤੀ ਦੇਵੀ ਨੂੰ ਤੁਰੰਤ ਮੈਡੀਕਲ ਕਾਲਜ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਲਾਸ਼ ਦਾ ਪੋਸਟਮਾਰਟਮ ਕਰ ਕੇ ਮੁਆਵਜ਼ੇ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।

ਦੂਜੀ ਘਟਨਾ ਕਤਰਨੀਆ ਘਾਟ ਵਾਈਲਡਲਾਈਫ ਡਿਵੀਜ਼ਨ ਦੇ ਸੁਜੌਲੀ ਥਾਣੇ ਅਧੀਨ ਆਉਂਦੇ ਬਰਦੀਆ ਪਿੰਡ ਦੀ ਹੈ। ਬੁੱਧਵਾਰ ਸ਼ਾਮ ਇਰਸ਼ਾਦ (8) ਮਸਜਿਦ ’ਚ ਨਮਾਜ ਪੜ੍ਹ ਕੇ ਘਰ ਪਰਤ ਰਿਹਾ ਸੀ, ਉਦੋਂ ਝਾੜੀਆਂ ’ਚ ਲੁਕੇ ਤੇਂਦੂਏ ਨੇ ਅਚਾਨਕ ਉਸ ’ਤੇ ਹਮਲਾ ਕਰ ਦਿੱਤਾ। ਬੱਚੇ ਦੇ ਗਲੇ ਅਤੇ ਗਰਦਨ ’ਤੇ ਡੂੰਘੇ ਜ਼ਖ਼ਮ ਆਏ ਹਨ। ਪਰਿਵਾਰਕ ਮੈਂਬਰ ਉਸ ਨੂੰ ਹਸਪਤਾਲ ਲੈ ਗਏ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਕਤਰਨੀਆ ਘਾਟ ਰੇਂਜ ਦੇ ਅਧਿਕਾਰੀ ਆਸ਼ੀਸ਼ ਗੌੜ ਨੇ ਦੱਸਿਆ ਕਿ ਬਰਦੀਆ ਪਿੰਡ ਅਤੇ ਆਲੇ-ਦੁਆਲੇ ਦੇ ਇਲਾਕਿਆਂ ’ਚ ਜੰਗਲਾਤ ਕਰਮਚਾਰੀਆਂ ਦੀਆਂ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ ਅਤੇ ਪਿੰਡ ਵਾਸੀਆਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ।


author

Rakesh

Content Editor

Related News