ਜੰਮੂ ਕਸ਼ਮੀਰ ''ਚ ਸੁਰੱਖਿਆ ਫ਼ੋਰਸਾਂ ਨੇ ਲਸ਼ਕਰ ਦੇ 2 ਅੱਤਵਾਦੀ ਕੀਤੇ ਢੇਰ
Wednesday, Mar 30, 2022 - 10:12 AM (IST)
ਸ਼੍ਰੀਨਗਰ (ਵਾਰਤਾ)- ਜੰਮੂ ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ 'ਚ ਸੁਰੱਖਿਆ ਫ਼ੋਰਸਾਂ ਨੇ ਰਾਤ ਭਰ ਚਲੇ ਮੁਕਾਬਲੇ 'ਚ ਲਸ਼ਕਰ-ਏ-ਤੋਇਬਾ ਦੇ 2 ਅੱਤਵਾਦੀਆਂ ਨੂੰ ਮਾਰ ਸੁੱਟਿਆ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਅੱਜ ਯਾਨੀ ਬੁੱਧਵਾਰ ਨੂੰ ਇੱਥੇ ਦੱਸਿਆ ਕਿ ਮੁਕਾਬਲੇ 'ਚ ਮਾਰੇ ਗਏ ਅੱਤਵਾਦੀਆਂ 'ਚੋਂ ਇਕ ਰਈਸ ਅਹਿਮਦ ਭਟ ਪਹਿਲਾਂ ਪੱਤਰਕਾਰ ਸੀ ਅਤੇ ਪਿਛਲੇ ਸਾਲ ਅਗਸਤ 'ਚ ਉਹ ਅੱਤਵਾਦੀ ਸੰਗਠਨ 'ਚ ਸ਼ਾਮਲ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਪੁਰਾਣੇ ਸ਼੍ਰੀਨਗਰ ਦੇ ਰੈਨਾਵਾਰੀ ਇਲਾਕੇ 'ਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਤੋਂ ਬਾਅਦ ਸੁਰੱਖਿਆ ਫ਼ੋਰਸਾਂ ਦੇ ਅੱਤਵਾਦ ਵਿਰੋਧੀ ਮੁਹਿੰਮ ਦੌਰਾਨ ਇਹ ਮੁਕਾਬਲਾ ਹੋਇਆ।
ਉਨ੍ਹਾਂ ਦੱਸਿਆ ਕਿ ਇਲਾਕੇ 'ਚ ਲੁਕੇ ਅੱਤਵਾਦੀਆਂ ਦੇ ਸੁਰੱਖਿਆ ਫ਼ੋਰਸਾਂ 'ਤੇ ਗੋਲੀਬਾਰੀ ਕਰਨ 'ਤੇ ਸ਼ੁਰੂ ਹੋਏ ਮੁਕਾਬਲੇ 'ਚ ਲਸ਼ਕਰ ਦੇ 2 ਅੱਤਵਾਦੀ ਮਾਰੇ ਗਏ ਹਨ। ਉਨ੍ਹਾਂ ਦੱਸਿਆ ਕਿ ਰਈਸ ਅਨੰਤਨਾਗ 'ਚ ਇਕ ਆਨਲਾਈਨ ਨਿਊਜ਼ ਪੋਰਟਲ 'ਵੈਲੀ ਨਿਊਜ਼ ਸਰਵਿਸ' ਚਲਾਉਂਦਾ ਸੀ। ਪੁਲਸ ਨੇ ਟਵੀਟ ਕਰ ਕੇ ਕਿਹਾ ਕਿ ਰਈਸ ਪਿਛਲੇ ਸਾਲ ਅਗਸਤ 'ਚ ਅੱਤਵਾਦੀ ਸਮੂਹ 'ਚ ਸ਼ਾਮਲ ਹੋ ਗਿਆ ਸੀ। ਉਸ 'ਤੇ ਅੱਤਵਾਦੀ ਅਪਰਾਧ ਨੂੰ ਲੈ ਕੇ ਪਹਿਲਾਂ ਹੀ 2 ਐੱਫ.ਆਈ.ਆਰ. ਦਰਜ ਹਨ। ਦੱਸਣਯੋਗ ਹੈ ਕਿ ਸੁਰੱਖਿਆ ਫ਼ੋਰਸਾਂ ਨੇ ਇਸ ਮਹੀਨੇ ਕਸ਼ਮੀਰ 'ਚ 9 ਮੁਕਾਬਲਿਆਂ 'ਚ 13 ਅੱਤਵਾਦੀਆਂ ਨੂੰ ਮਾਰ ਸੁੱਟਿਆ ਹੈ।