ਜੰਮੂ ਕਸ਼ਮੀਰ ''ਚ 2 ਹਾਈਬ੍ਰਿਡ ਅੱਤਵਾਦੀ ਗ੍ਰਿਫ਼ਤਾਰ, ਹਥਿਆਰ ਬਰਾਮਦ

Monday, May 02, 2022 - 10:11 AM (IST)

ਜੰਮੂ ਕਸ਼ਮੀਰ ''ਚ 2 ਹਾਈਬ੍ਰਿਡ ਅੱਤਵਾਦੀ ਗ੍ਰਿਫ਼ਤਾਰ, ਹਥਿਆਰ ਬਰਾਮਦ

ਸ਼੍ਰੀਨਗਰ (ਵਾਰਤਾ)- ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦੀ ਪੁਲਸ ਨੇ ਐਤਵਾਰ ਨੂੰ ਸੁਰੱਖਿਆ ਫ਼ੋਰਸਾਂ ਨਾਲ ਸੰਯੁਕਤ ਮੁਹਿੰਮ 'ਚ ਕੁਲਗਾਮ ਅਤੇ ਨੌਗਾਮ ਤੋਂ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ (ਐੱਲ.ਈ.ਟੀ.) ਦੇ 2 'ਹਾਈਬ੍ਰਿਡ' ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤੇ। ਪੁਲਸ ਨੇ ਦੱਸਿਆ ਕਿ ਵਿਸ਼ੇਸ਼ ਸੂਚਨਾ ਦੇ ਆਧਾਰ 'ਤੇ, ਸ਼੍ਰੀਨਗਰ ਪੁਲਸ ਨੇ ਫ਼ੌਜ ਦੀ 50 ਰਾਸ਼ਟਰੀ ਰਾਈਫ਼ਲ (ਆਰ.ਆਰ.) ਨਾਲ ਕੇਂਦਰੀ ਕਸ਼ਮੀਰ ਦੇ ਨੌਗਾਮ ਖੇਤਰ 'ਚ ਸਥਿਤ ਮੁਥਵਾ, ਬਡਗਾਮ ਦੇ ਵਾਸੀ ਸ਼ੇਖ ਸ਼ਾਹਿਦ ਗੁਲਜ਼ਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਗੁਲਜ਼ਾਰ ਕੋਲੋਂ ਗੋਲਾ ਬਾਰੂਦ ਅਤੇ ਪਿਸਤੌਲ ਸਮੇਤ ਇਤਰਾਜ਼ਯੋਗ ਸਮੱਗਰੀ ਬਰਾਮਦ ਕੀਤੀ ਗਈ ਹੈ। ਇਸ ਤੋਂ ਇਲਾਵਾ ਦੱਖਣੀ ਕਸ਼ਮੀਰ ਦੇ ਕੁਲਗਾਮ 'ਚ ਲਸ਼ਕਰ ਦਾ ਇਕ ਹੋਰ 'ਹਾਈਬ੍ਰਿਡ' ਅੱਤਵਾਦੀ ਗ੍ਰਿਫ਼ਤਾਰ ਕੀਤਾ ਗਿਆ ਹੈ।

ਪੁਲਸ ਅਨੁਸਾਰ, ਕੁਲਗਾਮ ਪੁਲਸ ਅਤੇ 34 ਆਰ.ਆਰ. ਨੇ ਵਿਸ਼ੇਸ਼ ਸੂਚਨਾ ਦੇ ਆਧਾਰ 'ਤੇ ਦੱਖਣੀ ਕਸ਼ਮੀਰ ਦੇ ਗੜੀਹਾਮਾ ਵਾਸੀ ਅਤੇ ਲਸ਼ਕਰ ਦੇ 'ਹਾਈਬ੍ਰਿਡ' ਅੱਤਵਦੀ' ਯਾਮੀਨ ਯੁਸੂਫ਼ ਭਟ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਸ ਕੋਲੋਂ ਇਕ ਪਿਸਤੌਲ, ਇਕ ਪਿਸਤੌਲ ਮੈਗਜ਼ੀਨ, 9 ਐੱਮ.ਐੱਮ. ਦੀ 51 ਗੋਲੀਆਂ ਅਤੇ 2 ਹੱਥਗੋਲੇ ਸਮੇਤ ਹੋਰ ਇਤਰਾਜ਼ਯੋਗ ਸਾਮਾਨ  ਬਰਾਮਦ ਕੀਤਾ ਗਿਆ ਹੈ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਹਾਈਬ੍ਰਿਡ ਅੱਤਵਾਦੀ ਹੈ, ਜੋ ਪਾਕਿਸਤਾਨ ਸਥਿਤ ਅੱਤਵਾਦੀਆਂ ਦੇ ਨਾਲ-ਨਾਲ ਪਾਬੰਦੀਸ਼ੁਦਾ ਸੰਗਠਨ ਲਸ਼ਕਰ-ਏ-ਤੋਇਬਾ ਦੇ ਸਥਾਨਕ ਅੱਤਵਾਦੀਆਂ ਦੇ ਸੰਪਰਕ 'ਚ ਸੀ ਅਤੇ ਉਸ ਨੂੰ ਅੱਤਵਾਦੀ ਘਟਨਾ ਨੂੰ ਅੰਜਾਮ ਦੇਣ ਦਾ ਕੰਮ ਸੌਂਪਿਆ ਗਿਆ ਸੀ। ਉਹ ਕੁਲਗਾਮ ਜ਼ਿਲ੍ਹੇ 'ਚ ਹਥਿਆਰ, ਗੋਲਾ-ਬਾਰੂਦ ਅਤੇ ਵਿਸਫ਼ੋਟਕ ਸਮੱਗਰੀ ਲਿਆਉਣ ਤੋਂ ਇਲਾਵਾ ਅੱਤਵਾਦੀਆਂ ਨੂੰ ਸ਼ਰਨ ਦੇਣ ਅਤੇ ਹੋਰ ਮਦਦ ਪ੍ਰਦਾਨ ਕਰਨ 'ਚ ਵੀ ਸ਼ਾਮਲ ਸੀ। ਪੁਲਸ ਨੇ ਕਿਹਾ ਕਿ ਯਾਮੀਨ ਦੀ ਗ੍ਰਿਫ਼ਤਾਰੀ ਇਕ 'ਉਪਲੱਬਧੀ' ਹੈ, ਕਿਉਂਕਿ ਉਸ ਨੂੰ ਜ਼ਿਲ੍ਹੇ ਦੇ ਭੂਗੋਲਿਕ ਸਥਿਤੀ ਦੀ ਜਾਣਕਾਰੀ ਸੀ, ਜਿਸ ਕਾਰਨ ਉਹ ਆਸਾਨੀ ਨਾਲ ਹਮਲੇ ਦੀ ਜਗ੍ਹਾ ਚੁਣ ਸਕਦਾ ਸੀ। ਕੁਲਗਾਮ ਪੁਲਸ ਨੇ ਉਸ ਖ਼ਿਲਾਫ਼ ਸੰਬੰਧਤ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ 'ਚ ਹੋਰ ਗ੍ਰਿਫ਼ਤਾਰੀ ਅਤੇ ਬਰਾਮਦਗੀ ਦੀ ਉਮੀਦ ਹੈ।


author

DIsha

Content Editor

Related News