ਰਾਜਸਥਾਨ 'ਚ ਮੁੜ ਭੜਕੀ ਹਿੰਸਾ, ਦੋ ਦਲਿਤ ਨੇਤਾਵਾਂ ਦੇ ਘਰ ਸਾੜੇ

Wednesday, Apr 04, 2018 - 02:13 AM (IST)

ਜੈਪੁਰ/ਕਰੌਲੀ,(ਏਜੰਸੀਆਂ/ ਅਸ਼ੋਕ)—ਐੱਸ. ਸੀ./ ਐੱਸ. ਟੀ. ਐਕਟ ਬਾਰੇ ਸੁਪਰੀਮ ਕੋਰਟ ਦੇ ਫੈਸਲੇ ਵਿਰੁੱਧ ਸੋਮਵਾਰ ਆਯੋਜਿਤ ਹੋਏ ਭਾਰਤ ਬੰਦ ਦਾ ਅਸਰ ਮੰਗਲਵਾਰ ਵੀ ਰਾਜਸਥਾਨ ਦੇ ਕਈ ਇਲਾਕਿਆਂ 'ਚ ਵੇਖਣ ਨੂੰ ਮਿਲਿਆ ਅਤੇ ਸੂਬੇ ਵਿਚ ਕਈ ਥਾਈਂ ਹਿੰਸਾ ਤੇ ਸਾੜ-ਫੂਕ ਹੋਈ।
ਕਰੌਲੀ ਅਤੇ ਹਿੰਡੌਨ ਵਿਖੇ 2 ਦਲਿਤ ਆਗੂਆਂ ਦੇ ਘਰਾਂ ਨੂੰ ਅੱਗ ਲਾ ਦਿੱਤੀ ਗਈ। ਇਕ ਸ਼ਾਪਿੰਗ ਮਾਲ ਨੂੰ ਸਾੜ ਦਿੱਤਾ ਗਿਆ। ਕਈ ਮੋਟਰ ਗੱਡੀਆਂ ਨੂੰ ਵੀ ਅੱਗ ਲਾਈ ਗਈ। ਕਰੌਲੀ ਜ਼ਿਲੇ ਦੇ ਹਿੰਡੌਨ ਕਸਬੇ 'ਚ ਭਾਰੀ ਖਿਚਾਅ ਨੂੰ ਵੇਖਦਿਆਂ ਪ੍ਰਸ਼ਾਸਨ ਨੇ ਮੰਗਲਵਾਰ ਕਰਫਿਊ ਲਾਗੂ ਕਰ ਦਿੱਤਾ। ਸੂਬੇ 'ਚ ਸੋਮਵਾਰ ਤੋਂ 1200 ਵਿਅਕਤੀਆਂ ਦੀ ਗ੍ਰਿਫਤਾਰੀ ਹੋਈ ਹੈ। 
ਪੁਲਸ ਵਲੋਂ ਛੱਡੇ ਗਏ ਅਥਰੂ ਗੈਸ ਦੇ ਗੋਲੇ ਹਿੰਡੌਨ ਦੇ ਇਕ ਸਰਕਾਰੀ ਸਕੂਲ ਅੰਦਰ ਜਾ ਡਿੱਗੇ ਜਿਸ ਕਾਰਨ ਦੋ ਦਰਜਨ ਤੋਂ ਵੱਧ ਵਿਦਿਆਰਥੀ ਜ਼ਖਮੀ ਹੋ ਗਏ।
ਸੂਬੇ ਦੇ ਪੁਲਸ ਮੁਖੀ ਨੇ ਦੱਸਿਆ ਕਿ ਹੁਣ ਤਕ 172 ਐੱਫ. ਆਈ. ਆਰਜ਼ ਦਰਜ ਕੀਤੀਆਂ ਗਈਆਂ ਹਨ।
ਗਾਂਧੀ ਜੀ ਦੇ ਬੁੱਤ ਨੂੰ ਤੋੜਿਆ, ਲੋਕਾਂ 'ਚ ਗੁੱਸਾ
ਰਾਜਸਥਾਨ ਦੇ ਰਾਜਸਮੰਦ ਜ਼ਿਲੇ ਦੇ ਨਾਥਦੁਆਰਾ ਵਿਖੇ ਸਮਾਜ ਵਿਰੋਧੀ ਅਨਸਰਾਂ ਵਲੋਂ ਮਹਾਤਮਾ ਗਾਂਧੀ ਜੀ ਦੇ ਬੁੱਤ ਨੂੰ ਤੋੜ ਦਿੱਤਾ ਗਿਆ। ਸ਼ਰਾਰਤੀ ਅਨਸਰਾਂ ਨੇ ਬੁੱਤ ਦੇ ਧੜ ਨੂੰ ਤੋੜਨ ਪਿੱਛੋਂ ਉਸ ਨੂੰ ਕੂੜੇ ਦੇ ਢੇਰ 'ਚ ਸੁੱਟ ਦਿੱਤਾ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਸ ਮੌਕੇ 'ਤੇ ਪੁੱਜੀ ਅਤੇ ਬੁੱਧ ਦਾ ਧੜ ਕਬਜ਼ੇ ਵਿਚ ਲੈ ਕੇ ਬਾਕੀ ਹਿੱਸੇ ਨੂੰ ਕੱਪੜੇ ਨਾਲ ਢੱਕ ਦਿੱਤਾ। ਇਸ ਘਟਨਾ ਕਾਰਨ ਇਲਾਕੇ  ਦੇ ਲੋਕਾਂ ਵਿਚ ਗੁੱਸਾ ਪਾਇਆ ਜਾ ਰਿਹਾ ਹੈ।


Related News