ਕੋੋਰੋਨਾ ਆਫ਼ਤ: ਮਿ੍ਰਤਕਾਂ ਦਾ ਅੰਤਿਮ ਸੰਸਕਾਰ ਕਰਨ ਵਾਲੇ ਦੋ ਕੋਰੋਨਾ ਯੋਧਿਆਂ ਦਾ ਸਨਮਾਨ
Monday, Aug 17, 2020 - 02:41 PM (IST)
ਨਵੀਂ ਦਿੱਲੀ— ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆ ’ਚ ਜਾਰੀ ਹੈ। ਭਾਰਤ ’ਚ ਇਸ ਭਿਆਨਕ ਮਹਾਮਾਰੀ ਕਾਰਨ ਹੋਣ ਵਾਲੀਆਂ ਮੌਤਾਂ ਦਾ ਅੰਕੜਾ 50 ਹਜ਼ਾਰ ਦੇ ਕਰੀਬ ਪੁੱਜ ਗਿਆ ਹੈ। ਕੋਰੋਨਾ ਨਾਲ ਮੌਤ ਹੋ ਜਾਣ ’ਤੇ ਕਈ ਵਾਰ ਆਪਣੇ ਵੀ ਅੰਤਿਮ ਸੰਸਕਾਰ ’ਚ ਸ਼ਾਮਲ ਨਹੀਂ ਹੁੰਦੇ। ਅਜਿਹੇ ਵਿਚ ਦਿੱਲੀ ’ਚ ਦੋ ਕੋਰੋਨਾ ਯੋਧਿਆਂ ਨੇ ਆਪਣੀ ਜਾਨ ਜ਼ੋਖਮ ’ਚ ਪਾ ਕੇ ਮਿ੍ਰਤਕਾਂ ਦਾ ਅੰਤਿਮ ਸੰਸਕਾਰ ਕੀਤਾ ਹੈ। ਨਿਗਮ ਬੋਧ ਘਾਟ ’ਤੇ ਕੋਰੋਨਾ ਮਿ੍ਰਤਕਾਂ ਦਾ ਸੰਸਕਾਰ ਕਰਨ ਵਾਲੇ ਇਨ੍ਹਾਂ ਦੋ ਕੋਰੋਨਾ ਯੋਧਿਆਂ-ਪੱਪੂ ਅਤੇ ਹਰਿੰਦਰ ਨੂੰ ਸੋਮਵਾਰ ਨੂੰ ਸਨਮਾਨਤ ਕੀਤਾ ਗਿਆ।
ਨਿਗਮ ਬੋਧ ਦੇ ਸੰਚਾਲਕ ਕਮੇਟੀ ਦੇ ਮੁਖੀ ਸੁਮਨ ਕੁਮਾਰ ਗੁਪਤਾ ਨੇ ਦੱਸਿਆ ਕਿ ਦਿੱਲੀ ’ਚ ਕੋਰੋਨਾ ਵਾਇਰਸ ਨਾਲ ਪਹਿਲੀ ਮੌਤ ਜਨਕਪੁਰੀ ਦੀ ਇਕ ਬਜ਼ੁਰਗ ਬੀਬੀ ਦੀ ਹੋਈ ਸੀ, ਉਸੇ ਦਿਨ ਤੋਂ ਹੀ ਅੱਜ ਤੱਕ ਕਰੀਬ 1,320 ਕੋਰੋਨਾ ਪੀੜਤ ਮਿ੍ਰਤਕਾਂ ਦਾ ਸੰਸਕਾਰ ਆਪਣੀ ਜਾਨ ਜ਼ੋਖਮ ’ਚ ਪਾ ਕੇ ਇਹ ਦੋਵੇਂ ਕਰ ਚੁੱਕੇ ਹਨ। ਪੱਪੂ ਅਤੇ ਹਰਿੰਦਰ ਨਿਗਮ ਬੋਧ ਘਾਟ ’ਤੇ ਸੰਸਕਾਰ ਕਰਨ ਦੀ ਜ਼ਿੰਮੇਵਾਰੀ ਆਪਣੀ ਜਾਨ ਨੂੰ ਜ਼ੋਖਮ ’ਚ ਪਾ ਕੇ ਨਿਭਾ ਰਹੇ ਹਨ।
ਗੁਪਤਾ ਨੇ ਕਿਹਾ ਕਿ ਕੋਰੋਨਾ ਕਾਲ ਦੇ ਅੰਦਰ ਨਿਗਮ ਬੋਧ ਘਾਟ ਮੁੱਖ ਦਾਹ ਸੰਸਕਾਰ ਸਥਾਨ ਬਣਾਇਆ ਗਿਆ ਸੀ, ਜਿੱਥੇ ਸੰਚਾਲਨ ਕਮੇਟੀ ਨੇ ਨਾ ਸਿਰਫ ਇਨ੍ਹਾਂ ਦੀ ਡਿਊਟੀ ਇਸ ਕੰਮ ’ਚ ਲਾਈ, ਸਗੋਂ ਹਰ ਸੰਭਵ ਮਦਦ ਕਰ ਕੇ ਇਨ੍ਹਾਂ ਦਾ ਬੀਮਾ ਵੀ ਕਰਵਾਇਆ। ਉਨ੍ਹਾਂ ਨੇ ਕਿਹਾ ਕਿ ਅਜਿਹੇ ਯੋਧਿਆਂ ਦਾ ਜਨਤਕ ਰੂਪ ਨਾਲ ਸਨਮਾਨ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕੇਂਦਰ ਅਤੇ ਦਿੱਲੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਸਲ ਯੋਧਿਆਂ ਦਾ ਜ਼ਰੂਰ ਸਨਮਾਨ ਕੀਤਾ ਜਾਣਾ ਚਾਹੀਦਾ ਹੈ, ਜਿਨ੍ਹਾਂ ਨੇ ਕੋਰੋਨਾ ਕਾਲ ਦੀ ਭਿਆਨਕ ਚੁਣੌਤੀ ’ਚ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਮਿ੍ਰਤਕਾਂ ਦਾ ਦਾਹ ਸੰਸਕਾਰ ਕੀਤਾ। ਗੁਪਤਾ ਨੇ ਦੱਸਿਆ ਕਿ ਦੋਹਾਂ ਦਾ ਸਨਮਾਨ ਕਰ ਉਨ੍ਹਾਂ ਨੂੰ ਪ੍ਰਸ਼ੰਸਾ ਪੱਤਰ ਅਤੇ ਯਾਦ ਚਿੰਨ੍ਹ ਪ੍ਰਦਾਨ ਕੀਤਾ ਗਿਆ।