PM ਮੋਦੀ ਸਮੇਤ ਕਈ ਵੱਡੀਆਂ ਹਸਤੀਆਂ ਦੇ ਲੱਖਾਂ ਫਾਲੋਅਰਜ਼ ਗਾਇਬ
Friday, Jul 13, 2018 - 08:31 PM (IST)

ਨਵੀਂ ਦਿੱਲੀ— ਸੋਸ਼ਲ ਨੈੱਟਵਰਕਿੰਗ ਸਾਈਟ ਟਵਿਟਰ 'ਤੇ ਕਈ ਵੱਡੀਆਂ ਹਸਤੀਆਂ ਦੇ ਫਾਲੋਅਰਜ਼ ਦੀ ਗਿਣਤੀ 'ਚ ਕਮੀ ਆਈ ਹੈ। ਟਵਿਟਰ ਨੇ ਜਾਅਲੀ ਅਕਾਊਂਟ ਬੰਦ ਕਰਨ ਦੀ ਇਕ ਮੁਹਿੰਮ ਚਲਾਈ ਹੈ, ਜਿਸ ਤੋਂ ਬਾਅਦ ਇਹ ਕਮੀ ਦੇਖਣ ਨੂੰ ਮਿਲੀ ਹੈ। ਜਿਥੇ ਇਸ ਮੁਹਿੰਮ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਰੀਬ 3 ਲੱਖ ਫਾਲੋਅਰਜ਼ ਘੱਟ ਹੋਏ ਹਨ। ਉਥੇ ਹੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਫਾਲੋਅਰਜ਼ ਦੀ ਗਿਣਤੀ 'ਚ ਵੀ ਕਮੀ ਆਈ ਹੈ।
ਜਾਅਲੀ ਅਕਾਊਂਟਾਂ ਖਿਲਾਫ ਚਲਾਈ ਗਈ ਟਵਿਟਰ ਦੀ ਇਸ ਮੁਹਿੰਮ ਤਹਿਤ ਹੁਣ ਤਕ 7 ਕਰੋੜ ਜਾਅਲੀ ਅਕਾਊਂਟ ਡਿਲੀਟ ਕੀਤੇ ਗਏ ਹਨ। ਇਸ ਵਜ੍ਹਾ ਕਾਰਨ ਕਈ ਵੱਡੀਆਂ ਹਸਤੀਆਂ ਦੇ ਫਾਲੋਅਰਜ਼ ਦੀ ਗਿਣਤੀ 'ਚ ਵੀ ਕਮੀ ਆਈ ਹੈ। ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਦੇ ਫਾਲੋਅਰਜ਼ ਦੀ ਗਿਣਤੀ 'ਚ ਕਰੀਬ 3 ਲੱਖ ਦੀ ਕਮੀ ਆਈ ਹੈ। ਪ੍ਰਧਾਨ ਮੰਤਰੀ ਮੋਦੀ ਦੇ ਪਹਿਲਾਂ 4 ਕਰੋੜ 34 ਲੱਖ ਫਾਲੋਅਰਜ਼ ਸਨ, ਜੋ ਹੁਣ ਘੱਟ ਕੇ 4 ਕਰੋੜ 31 ਲੱਖ ਹੋ ਗਏ ਹਨ।
ਰਾਹੁਲ ਗਾਂਧੀ ਦੇ ਫਾਲੋਅਰਜ਼ ਵੀ ਹੋਏ ਘੱਟ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਫਾਲੋਅਰਜ਼ ਦੀ ਗਿਣਤੀ ਪਹਿਲਾਂ 72 ਲੱਖ 92 ਹਜ਼ਾਰ ਸੀ, ਜੋ ਕਿ ਹੁਣ ਘੱਟ ਕੇ 72 ਲੱਖ 20 ਹਜ਼ਾਰ ਹੋ ਗਈ ਹੈ। ਟਵਿਟਰ ਦੇ ਆਪਰੇਸ਼ਨ ਕਲੀਨ ਤੋਂ ਬਾਅਦ ਜਿਥੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਕਰੀਬ 74 ਹਜ਼ਾਰ ਫਾਲੋਅਰਜ਼ ਘੱਟ ਹੋਏ ਹਨ ਤਾਂ ਉਥੇ ਹੀ ਕੇਜਰੀਵਾਲ ਦੇ ਫਾਲੋਅਰਜ਼ ਦੀ ਗਿਣਤੀ 'ਚ ਵੀ 92 ਹਜ਼ਾਰ ਦੀ ਕਮੀ ਆਈ ਹੈ।
ਸੂਤਰਾਂ ਮੁਤਾਬਕ ਅਮਰੀਕੀ ਰਾਸ਼ਟਰਪਤੀ ਟਰੰਪ ਦੇ 5.34 ਕਰੋੜ ਫਾਲੋਅਰਜ਼ 'ਚ ਕਰੀਬ ਇਕ ਲੱਖ ਘੱਟ ਹੋ ਗਏ ਹਨ, ਜਦਕਿ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ 10.4 ਕਰੋੜ ਫਾਲੋਅਰਜ਼ 'ਚੋਂ ਚਾਰ ਲੱਖ ਫਾਲੋਅਰਜ਼ ਘੱਟ ਹੋਏ ਹਨ।