ਦਿੱਲੀ ਸਮੇਤ 4 ਗੁਆਂਢੀ ਸੂਬਿਆਂ ’ਚ ਮੋਦੀ ਤੇ ਰਾਹੁਲ ਵਿਚਾਲੇ ਰੱਸਾਕਸ਼ੀ

Friday, May 17, 2024 - 01:05 PM (IST)

ਨਵੀਂ ਦਿੱਲੀ- ਸ਼ਨੀਵਾਰ ਨੂੰ ਦਿੱਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਦੇ ਦੋ ਮੈਗਾ ਰੋਡ ਸ਼ੋਅ ਅਤੇ ਰੈਲੀਆਂ ਦੀ ਗਵਾਹ ਬਣੇਗੀ। ਮੋਦੀ ਉੱਤਰ ਪੂਰਬੀ ਦਿੱਲੀ ਦੇ ਘੋਂਡਾ ਵਿਚ ਆਪਣੀ ਪਹਿਲੀ ਰੈਲੀ ਨੂੰ ਸੰਬੋਧਤ ਕਰਨਗੇ ਜਿੱਥੇ ਮੌਜੂਦਾ ਭਾਜਪਾ ਸੰਸਦ ਮੈਂਬਰ ਮਨੋਜ ਤਿਵਾੜੀ ਚੋਣ ਮੈਦਾਨ ਵਿਚ ਹਨ। ਰਾਹੁਲ ਗਾਂਧੀ ਚਾਂਦਨੀ ਚੌਕ ’ਚ ਰੋਡ ਸ਼ੋਅ ਕਰਨਗੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਭਾਜਪਾ ਦੇ ਕਈ ਨੇਤਾ ਭਾਜਪਾ ਉਮੀਦਵਾਰ ਪ੍ਰਵੀਨ ਖੰਡੇਲਵਾਲ ਲਈ ਪ੍ਰਚਾਰ ਕਰਨਗੇ। 

ਸਖ਼ਤ ਚੁਣੌਤੀ ਦਾ ਸਾਹਮਣਾ ਕਰ ਰਹੇ ਕਾਂਗਰਸ ਉਮੀਦਵਾਰ ਕਨ੍ਹਈਆ ਕੁਮਾਰ ਲਈ ਰਾਹੁਲ ਗਾਂਧੀ ਰੈਲੀ ਕਰਨਗੇ। ਸੰਭਾਵਨਾ ਹੈ ਕਿ ‘ਆਪ’ ਨੇਤਾ ਅਰਵਿੰਦ ਕੇਜਰੀਵਾਲ ਵੀ ਕਨ੍ਹਈਆ ਕੁਮਾਰ ਲਈ ਰੈਲੀ ਕਰ ਸਕਦੇ ਹਨ। ਮੋਦੀ 22 ਮਈ ਨੂੰ ਕਮਲਜੀਤ ਸਹਰਾਵਤ ਦੇ ਪ੍ਰਚਾਰ ਲਈ ਪੱਛਮੀ ਦਿੱਲੀ ਦੇ ਦਵਾਰਕਾ ਵਿਚ ਇਕ ਰੈਲੀ ਨੂੰ ਸੰਬੋਧਨ ਕਰਨ ਲਈ ਮੁੜ ਪਰਤਣਗੇ, ਜਿਨ੍ਹਾਂ ਨੇ ਮੌਜੂਦਾ ਭਾਜਪਾ ਸੰਸਦ ਮੈਂਬਰ ਪਰਵੇਸ਼ ਵਰਮਾ ਦੀ ਥਾਂ ਲਈ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਪ੍ਰਿਅੰਕਾ ਗਾਂਧੀ ਵਢੇਰਾ ਵੀ ਦਿੱਲੀ ਵਿਚ ਚੋਣ ਪ੍ਰਚਾਰ ਕਰਨਗੇ। ਹੈਰਾਨੀ ਦੀ ਗੱਲ ਹੈ ਕਿ ਦੋਵਾਂ ਧਿਰਾਂ ਵੱਲੋਂ ਅਜੇ ਤੱਕ ਕੋਈ ਸਾਂਝੀ ਰਣਨੀਤੀ ਨਹੀਂ ਉਲੀਕੀ ਗਈ ਹੈ। ਮੋਦੀ ਅਤੇ ਹੋਰ ਲੋਕ ਦਿੱਲੀ, ਪੰਜਾਬ, ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਵਿਚ ਵਿਆਪਕ ਪ੍ਰਚਾਰ ਕਰਨਗੇ ਜਿੱਥੇ ਆਖਰੀ 2 ਪੜਾਵਾਂ ਵਿਚ 35 ਲੋਕ ਸਭਾ ਸੀਟਾਂ ਦਾਅ ’ਤੇ ਹਨ। ਭਾਜਪਾ ਪੰਜਾਬ ਦੀਆਂ ਸਾਰੀਆਂ 13 ਸੀਟਾਂ ’ਤੇ ਪਹਿਲੀ ਵਾਰ ਇਕੱਲੇ ਚੋਣ ਲੜ ਰਹੀ ਹੈ, ਇਸ ਲਈ ਸਮੁੱਚੀ ਲੀਡਰਸ਼ਿਪ ਆਪਣੀ ਪੂਰੀ ਤਾਕਤ ਲਗਾ ਰਹੀ ਹੈ।

ਮੋਦੀ 22 ਮਈ ਨੂੰ ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਵਿਚ ਤਿੰਨ ਰੈਲੀਆਂ ਨੂੰ ਸੰਬੋਧਨ ਕਰਨਗੇ ਜਦਕਿ ਅਮਿਤ ਸ਼ਾਹ ਮੋਗਾ, ਲੁਧਿਆਣਾ ਅਤੇ ਪਟਿਆਲਾ ਦਾ ਦੌਰਾ ਕਰਨਗੇ। ਯੋਗੀ ਆਦਿਤਿਆਨਾਥ ਲੁਧਿਆਣਾ ਵਿਚ ਚੋਣ ਪ੍ਰਚਾਰ ਨੂੰ ਸੰਬੋਧਨ ਕਰਨਗੇ ਜਿੱਥੇ ਕਾਂਗਰਸ ਛੱਡਣ ਵਾਲੇ ਰਵਨੀਤ ਸਿੰਘ ਬਿੱਟੂ ਭਾਜਪਾ ਦੇ ਉਮੀਦਵਾਰ ਹਨ। ਭਾਜਪਾ ਚਿੰਤਤ ਹੈ ਕਿਉਂਕਿ ਕੱਟੜਪੰਥੀ ਤੱਤਾਂ ਨੇ ਸਿਰ ਚੁੱਕਣਾ ਸ਼ੁਰੂ ਕਰ ਦਿੱਤਾ ਹੈ ਅਤੇ ‘ਆਪ’ ਸੂਬੇ ਵਿਚ ਇਕ ਸ਼ਕਤੀਸ਼ਾਲੀ ਤਾਕਤ ਬਣ ਕੇ ਉਭਰੀ ਹੈ।


Rakesh

Content Editor

Related News