ਦਿੱਲੀ ਚੋਣਾਂ ''ਚ ਸੱਚ ਦੀ ਜਿੱਤ ਹੋਵੇਗੀ: ਆਤਿਸ਼ੀ
Wednesday, Feb 05, 2025 - 09:54 AM (IST)
ਨਵੀਂ ਦਿੱਲੀ- ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਦਿੱਲੀ ਵਾਸੀਆਂ ਨੂੰ ਵੋਟ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਚੋਣਾਂ ਵਿਚ ਸੱਚ ਦੀ ਜਿੱਤ ਹੋਵੇਗੀ। ਆਤਿਸ਼ੀ ਨੇ 'ਐਕਸ' 'ਤੇ ਬੁੱਧਵਾਰ ਨੂੰ ਕਿਹਾ ਕਿ ਦਿੱਲੀ ਦੀਆਂ ਅੱਜ ਦੀਆਂ ਚੋਣਾਂ, ਸਿਰਫ਼ ਇਕ ਚੋਣ ਨਹੀਂ ਹੈ, ਧਰਮ ਯੁੱਧ ਹੈ। ਇਹ ਚੰਗਿਆਈ ਅਤੇ ਬੁਰਾਈ ਦੀ ਲੜਾਈ ਹੈ। ਇਹ ਕੰਮ ਅਤੇ ਗੁੰਡਾਗਰਦੀ ਦੀ ਲੜਾਈ ਹੈ। ਮੇਰੀ ਸਾਰੇ ਦਿੱਲੀ ਵਾਸੀਆਂ ਨੂੰ ਅਪੀਲ ਹੈ ਕਿ ਆਪਣੀ ਵੋਟ ਪਾਓ। ਕੰਮ ਲਈ ਵੋਟ ਪਾਓ, ਚੰਗਿਆਈ ਲਈ ਵੋਟ ਪਾਓ। ਸੱਚ ਦੀ ਜਿੱਤ ਹੋਵੇਗੀ।
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪਿਆਰੇਰ ਦਿੱਲੀ ਵਾਸੀਆਂ, ਅੱਜ ਵੋਟ ਦਾ ਦਿਨ ਹੈ। ਤੁਹਾਡਾ ਵੋਟ ਸਿਰਫ਼ ਇਕ ਬਟਨ ਨਹੀਂ, ਇਹ ਤੁਹਾਡੇ ਬੱਚਿਆਂ ਦੇ ਉੱਜਵਲ ਭਵਿੱਖ ਦੀ ਨੀਂਹ ਹੈ। ਚੰਗੇ ਸਕੂਲ, ਬਿਹਤਰੀਨ ਹਸਪਤਾਲ ਅਤੇ ਹਰ ਪਰਿਵਾਰ ਨੂੰ ਸਨਮਾਨਜਨਕ ਜੀਵਨ ਦੇਣ ਦਾ ਮੌਕਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਸਾਨੂੰ ਝੂਠ, ਨਫ਼ਰਤ ਅਤੇ ਡਰ ਦੀ ਸਿਆਸਤ ਨੂੰ ਹਰਾ ਕੇ ਸੱਚਾਈ, ਵਿਕਾਸ ਅਤੇ ਈਮਾਨਦਾਰੀ ਨੂੰ ਜਿਤਾਉਣਾ ਹੈ। ਖੁਦ ਵੀ ਵੋਟ ਪਾਓ ਅਤੇ ਆਪਣੇ ਪਰਿਵਾਰ, ਦੋਸਤਾਂ, ਗੁਆਂਢੀਆਂ ਨੂੰ ਵੀ ਪ੍ਰੇਰਿਤ ਕਰੋ। ਗੁੰਡਾਗਰਦੀ ਹਾਰੇਗੀ, ਦਿੱਲੀ ਜਿੱਤੇਗੀ।
'ਆਪ' ਨੇਤਾ ਮਨੀਸ਼ ਸਿਸੋਦੀਆ ਨੇ ਕਿਹਾ ਕਿ ਮੈਂ ਦਿੱਲੀ ਦੇ ਸਾਰੇ ਵੋਟਰਾਂ ਨੂੰ ਲੋਕਤੰਤਰ ਦੇ ਇਸ ਮਹਾਨ ਤਿਉਹਾਰ 'ਚ ਉਤਸ਼ਾਹ ਨਾਲ ਹਿੱਸਾ ਲੈਣ ਅਤੇ ਯਕੀਨੀ ਤੌਰ 'ਤੇ ਵੋਟ ਪਾਉਣ ਦੀ ਅਪੀਲ ਕਰਦਾ ਹਾਂ। ਵੋਟ ਪਾਉਣਾ ਹਰ ਨਾਗਰਿਕ ਦਾ ਅਧਿਕਾਰ ਹੈ ਅਤੇ ਲੋਕਤੰਤਰੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੀ ਜ਼ਿੰਮੇਵਾਰੀ ਵੀ ਹੈ। ਉਨ੍ਹਾਂ ਕਿਹਾ ਕਿ ਤੁਹਾਡੀ ਹਰ ਵੋਟ ਸਾਡੇ ਬੱਚਿਆਂ ਦੇ ਬਿਹਤਰ ਭਵਿੱਖ ਨੂੰ ਸਮਰਪਿਤ ਹੋਵੇਗੀ। ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ ਦਿੱਲੀ ਦੀ ਤਰੱਕੀ ਵਿਚ ਯੋਗਦਾਨ ਪਾਓ।