ਟਰੰਪ ਦਾ ਦਾਅਵਾ-''ਦਿੱਲੀ ਤੇ ਲੰਡਨ ਅੱਤਵਾਦੀ ਹਮਲੇ ਦੀ ਸਾਜਸ਼ ''ਚ ਸ਼ਾਮਲ ਸੀ ਸੁਲੇਮਾਨੀ''

01/04/2020 11:04:35 AM

ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਅਮਰੀਕੀ ਡਰੋਨ ਹਮਲੇ 'ਚ ਮਾਰੇ ਗਏ ਈਰਾਨ ਦੇ ਉੱਚ ਕਮਾਂਡਰ ਕਾਸਿਮ ਸੁਲੇਮਾਨੀ ਦੀ 'ਨਵੀਂ ਦਿੱਲੀ ਅਤੇ ਲੰਡਨ 'ਚ ਅੱਤਵਾਦੀ ਸਾਜਿਸ਼ਾਂ' ਰਚਣ 'ਚ ਭੂਮਿਕਾ ਸੀ। ਟਰੰਪ ਨੇ ਸੁਲੇਮਾਨੀ ਨੂੰ ਨਿਸ਼ਾਨਾ ਬਣਾ ਕੇ ਹਮਲਾ ਕਰਨ ਦੇ ਫੈਸਲੇ ਦਾ ਬਚਾਅ ਕਰਦੇ ਹੋਏ ਕਿਹਾ ਕਿ 'ਅੱਤਵਾਦ ਦਾ ਸ਼ਾਸਨਕਾਲ ਖਤਮ ਹੋ ਗਿਆ'। ਜਨਰਲ ਸੁਲੇਮਾਨੀ ਈਰਾਨ ਦੇ ਅਲ-ਕੁਦਸ ਬਲ ਦੇ ਮੁਖੀ ਸਨ। ਸ਼ੁੱਕਰਵਾਰ ਨੂੰ ਬਗਦਾਦ ਕੌਮਾਂਤਰੀ ਹਵਾਈ ਅੱਡੇ ਤੋਂ ਰਵਾਨਾ ਹੋਏ ਉਨ੍ਹਾਂ ਦੇ ਕਾਫਲੇ 'ਤੇ ਕੀਤੇ ਗਏ ਅਮਰੀਕੀ ਡਰੋਨ ਹਮਲੇ 'ਚ ਉਹ ਮਾਰੇ ਗਏ। ਹਮਲੇ 'ਚ ਈਰਾਨ ਦੇ ਸ਼ਕਤੀਸ਼ਾਲੀ ਹਸ਼ਦ ਅਲ-ਸ਼ਾਬੀ ਨੀਮ ਫੌਜ ਦੇ ਉਪ ਮੁਖੀ ਅਤੇ ਕੁਝ ਹੋਰ ਈਰਾਨ ਸਮਰਥਤ ਸਥਾਨਕ ਮਿਲੀਸ਼ੀਆ ਵੀ ਮਾਰੇ ਗਏ।

ਟਰੰਪ ਨੇ ਫਲੋਰੀਡਾ ਦੇ ਮਾਰ-ਏ-ਲਾਗੋ 'ਚ ਪੱਤਰਕਾਰਾਂ ਨੂੰ ਕਿਹਾ,'ਇਰਾਕ 'ਚ ਅਮਰੀਕਾ ਨੂੰ ਨਿਸ਼ਾਨਾ ਬਣਾ ਕੇ ਕਈ ਰਾਕੇਟ ਹਮਲੇ ਕੀਤੇ ਗਏ, ਜਿਨ੍ਹਾਂ 'ਚ ਇਕ ਅਮਰੀਕੀ ਵਿਅਕਤੀ ਦੀ ਮੌਤ ਹੋ ਗਈ ਅਤੇ ਅਮਰੀਕਾ ਦੇ ਚਾਰ ਫੌਜੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਇਸ ਦੇ ਇਲਾਵਾ ਬਗਦਾਦ 'ਚ ਸਾਡੇ ਦੂਤਘਰ 'ਤੇ ਹਿੰਸਕ ਹਮਲਾ ਸੁਲੇਮਾਨੀ ਦੇ ਹੁਕਮ 'ਤੇ ਕੀਤਾ ਗਿਆ ਸੀ।' ਉਨ੍ਹਾਂ ਕਿਹਾ ਕਿ ਸੁਲੇਮਾਨੀ ਨੇ ਆਪਣੇ ਬੁਰੇ ਇਰਾਦਿਆਂ ਕਾਰਨ ਬੇਕਸੂਰ ਲੋਕਾਂ ਨੂੰ ਮਰਵਾਇਆ ਅਤੇ ਨਵੀਂ ਦਿੱਲੀ ਅਤੇ ਲੰਡਨ 'ਚ ਵੀ ਅੱਤਵਾਦੀ ਹਮਲਿਆਂ ਦੀ ਸਾਜਸ਼ 'ਚ ਭੂਮਿਕਾ ਨਿਭਾਈ। ਅੱਜ ਅਸੀਂ ਸੁਲੇਮਾਨੀ ਦੀ ਬੇਰਹਿਮੀ ਦੇ ਸ਼ਿਕਾਰ ਹੋਏ ਲੋਕਾਂ ਨੂੰ ਯਾਦ ਕਰਦੇ ਹਾਂ ਅਤੇ ਉਨ੍ਹਾਂ ਨੂੰ ਸਨਮਾਨ ਦਿੰਦੇ ਹਾਂ। ਸਾਨੂੰ ਇਸ 'ਚ ਸ਼ਾਂਤੀ ਮਿਲੇਗੀ ਕਿ ਉਸ ਦੇ ਅੱਤਵਾਦ ਦਾ ਸ਼ਾਸਨਕਾਲ ਹੁਣ ਖਤਮ ਹੋ ਗਿਆ ਹੈ। ਟਰੰਪ ਨੇ ਕਿਹਾ ਕਿ ਸੁਲੇਮਾਨੀ ਪੱਛਮੀ ਏਸ਼ੀਆ ਨੂੰ ਪਿਛਲੇ 20 ਸਾਲਾਂ ਤੋਂ ਅਸਥਿਰ ਕਰਨ ਲਈ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਰਿਹਾ।

ਉਨ੍ਹਾਂ ਕਿਹਾ ਕਿ ਅਮਰੀਕਾ ਨੇ ਸ਼ੁੱਕਰਵਾਰ ਨੂੰ ਜੋ ਕੀਤਾ, ਉਸ ਨੂੰ ਇਹ ਬਹੁਤ ਪਹਿਲਾਂ ਹੀ ਕਰ ਦੇਣਾ ਚਾਹੀਦਾ ਸੀ ਅਤੇ ਇਸ ਨਾਲ ਕਾਫੀ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਸਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕਰਕੇ ਅਸੀਂ ਕੋਈ ਯੁੱਧ ਸ਼ੁਰੂ ਨਹੀਂ ਕੀਤਾ ਸਗੋਂ ਇਹ ਯੁੱਧ ਰੋਕਣ ਦੀ ਕਾਰਵਾਈ ਸੀ।


Related News