ਟਰੰਪ ਨੇ ਮੁੜ ਕੀਤਾ ਦਾਅਵਾ : ਸਾਲ ਦੇ ਅੰਤ ਤੱਕ ਰੂਸੀ ਤੇਲ ਖਰੀਦਣਾ ਬੰਦ ਕਰ ਦੇਵੇਗਾ ਭਾਰਤ
Friday, Oct 24, 2025 - 01:26 PM (IST)
ਵਾਸ਼ਿੰਗਟਨ (ਭਾਸ਼ਾ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣਾ ਦਾਅਵਾ ਦੁਹਰਾਇਆ ਹੈ ਕਿ ਭਾਰਤ ਨੇ ਰੂਸ ਤੋਂ ਤੇਲ ਖਰੀਦਣਾ ‘ਬੰਦ’ ਕਰਨ ’ਤੇ ਸਹਿਮਤੀ ਪ੍ਰਗਟਾਈ ਹੈ ਅਤੇ ਉਹ ਸਾਲ ਦੇ ਅੰਤ ਤੱਕ ‘ਲੱਗਭਗ ਬੰਦ’ ਕਰ ਦੇਵੇਗਾ। ਇਸ ਦੇ ਨਾਲ ਹੀ ਟਰੰਪ ਨੇ ਕਿਹਾ ਕਿ ਇਹ ਇਕ ਪ੍ਰਕਿਰਿਆ ਹੈ ਅਤੇ ਇਸ ’ਚ ਕੁਝ ਸਮਾਂ ਲੱਗੇਗਾ। ਅਮਰੀਕੀ ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਉਹ ਚੀਨ ਨੂੰ ਵੀ ਅਜਿਹਾ ਕਰਨ ਲਈ ਮਨਾਉਣ ਦੀ ਕੋਸ਼ਿਸ਼ ਕਰਨਗੇ। ਚੀਨ ਅਤੇ ਭਾਰਤ ਰੂਸੀ ਕੱਚੇ ਤੇਲ ਦੇ ਦੋ ਸਭ ਤੋਂ ਵੱਡੇ ਖਰੀਦਦਾਰ ਹਨ।
ਟਰੰਪ ਨੇ ਵ੍ਹਾਈਟ ਹਾਊਸ (ਅਮਰੀਕੀ ਰਾਸ਼ਟਰਪਤੀ ਦਾ ਸਰਕਾਰੀ ਨਿਵਾਸ ਅਤੇ ਦਫ਼ਤਰ) ’ਚ ਕਿਹਾ ਕਿ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਭਾਰਤ ਨੇ ਮੈਨੂੰ ਕਿਹਾ ਹੈ ਕਿ ਉਹ ਰੂਸੀ ਤੇਲ ਖਰੀਦਣਾ ਬੰਦ ਕਰਨ ਜਾ ਰਿਹਾ ਹੈ... ਇਹ ਇਕ ਪ੍ਰਕਿਰਿਆ ਹੈ, ਤੁਸੀਂ ਅਚਾਨਕ ਨਹੀਂ ਰੁਕ ਸਕਦੇ... ਸਾਲ ਦੇ ਅੰਤ ਤੱਕ ਉਹ ਇਸ ਨੂੰ ਲੱਗਭਗ ਬੰਦ ਕਰ ਦੇਵੇਗਾ, ਭਾਵ ਲੱਗਭਗ 40 ਫੀਸਦੀ ਤੱਕ ਘੱਟ ਕਰ ਦੇਵੇਗਾ। ਭਾਰਤ ਬਹੁਤ ਮਹਾਨ ਹੈ। ਕੱਲ ਮੈਂ ਪ੍ਰਧਾਨ ਮੰਤਰੀ (ਨਰਿੰਦਰ) ਮੋਦੀ ਨਾਲ ਗੱਲ ਕੀਤੀ। ਉਹ ਸ਼ਾਨਦਾਰ ਹਨ।
ਇਸ ਦਰਮਿਆਨ ਰੂਸ ’ਤੇ ਯੂਕ੍ਰੇਨ ਜੰਗ ਸਮਾਪਤ ਕਰਨ ਦਾ ਦਬਾਅ ਵਧਾਉਣ ਦੇ ਉਦੇਸ਼ ਨਾਲ ਅਮਰੀਕਾ ਨੇ ਮਾਸਕੋ ਦੀਆਂ 2 ਸਭ ਤੋਂ ਵੱਡੀਆਂ ਤੇਲ ਕੰਪਨੀਆਂ ’ਤੇ ਨਵੀਆਂ ਪਾਬੰਦੀਆਂ ਲਾ ਦਿੱਤੀਆਂ ਹਨ। ਅਮਰੀਕੀ ਵਿੱਤ ਮੰਤਰੀ ਸਕਾਟ ਬੇਸੈਂਟ ਨੇ ਇਹ ਐਲਾਨ ਕਰਦੇ ਹੋਏ ਮਾਸਕੋ ਦੀ ਜੰਗ ਨੂੰ ਨਾ ਖਤਮ ਕਰਨ ਦੀ ਜ਼ਿੱਦ ਦੀ ਸਖ਼ਤ ਆਲੋਚਨਾ ਕੀਤੀ।
ਬੇਸੈਂਟ ਨੇ ਕਿਹਾ ਕਿ ਰੋਸਨੇਫਟ ਅਤੇ ਲੂਕੋਇਲ ਸਮੇਤ ਦਰਜਨਾਂ ਸਹਾਇਕ ਕੰਪਨੀਆਂ ’ਤੇ ਲਾਈਆਂ ਗਈਆਂ ਇਹ ਪਾਬੰਦੀਆਂ ਰਾਸ਼ਟਰਪਤੀ ਡੋਨਾਲਡ ਟਰੰਪ ’ਤੇ ਮਹੀਨਿਆਂ ਤੋਂ ਪੈ ਰਹੇ ਦੋ-ਪੱਖੀ ਦਬਾਅ ਤੋਂ ਬਾਅਦ ਲਾਈਆਂ ਗਈਆਂ ਹਨ, ਜਿਸ ’ਚ ਰੂਸ ਦੇ ਤੇਲ ਉਦਯੋਗ ਨੂੰ ਹੋਰ ਸਖ਼ਤ ਪਾਬੰਦੀਆਂ ਦੇ ਦਾਇਰੇ ’ਚ ਲਿਆਉਣ ਦੀ ਮੰਗ ਕੀਤੀ ਜਾ ਰਹੀ ਸੀ।
ਟਰੰਪ ਨੇ ਭਾਰਤ-ਪਾਕਿ ਸੰਘਰਸ਼ ਨੂੰ ਰੁਕਵਾਉਣ ਦਾ ਫਿਰ ਕੀਤਾ ਦਾਅਵਾ
ਟਰੰਪ ਇਸ ਮਹੀਨੇ ਦੇ ਅੰਤ ਵਿਚ ਦੱਖਣੀ ਕੋਰੀਆ ’ਚ ਹੋਣ ਵਾਲੇ ਏਸ਼ੀਆ-ਪ੍ਰਸ਼ਾਂਤ ਆਰਥਿਕ ਸਹਿਯੋਗ (ਏਪੇਕ) ਸਿਖਰ ਸੰਮੇਲਨ ਦੌਰਾਨ ਸ਼ੀ ਜਿਨਪਿੰਗ ਨੂੰ ਮਿਲਣ ਵਾਲੇ ਹਨ। ਆਪਣੀ ਵਪਾਰ ਨੀਤੀ ਦਾ ਬਚਾਅ ਕਰਦੇ ਹੋਏ ਟਰੰਪ ਨੇ ਕਿਹਾ ਕਿ ਟੈਰਿਫਾਂ ਨੇ ਅਮਰੀਕੀ ਅਰਥਵਿਵਸਥਾ ਨੂੰ ਮਜ਼ਬੂਤ ਕੀਤਾ ਹੈ।
ਉਨ੍ਹਾਂ ਕਿਹਾ ਕਿ ਅੱਜ ਅਸੀਂ ਟੈਰਿਫਾਂ ਦੇ ਕਾਰਨ ਇਕ ਦੇਸ਼ ਦੇ ਤੌਰ ’ਤੇ ਬਹੁਤ ਵਧੀਆ ਕੰਮ ਕਰ ਰਹੇ ਹਾਂ। ਦਹਾਕਿਆਂ ਤੱਕ ਟੈਰਿਫਾਂ ਦੀ ਵਰਤੋਂ ਸਾਡੇ ਵਿਰੁੱਧ ਕੀਤੀ ਗਈ ਅਤੇ ਹੌਲੀ-ਹੌਲੀ ਸਾਡੇ ਦੇਸ਼ ਨੂੰ ਕਮਜ਼ੋਰ ਕੀਤਾ। ਇਸੇ ਕਾਰਨ ਸਾਡੇ ’ਤੇ 37 ਟ੍ਰਿਲੀਅਨ ਡਾਲਰ ਦਾ ਕਰਜ਼ਾ ਹੈ ਪਰ ਹੁਣ ਟੈਰਿਫਾਂ ਦੇ ਕਾਰਨ ਅਸੀਂ ਇਕ ਅਮੀਰ ਦੇਸ਼ ਹਾਂ। ਅਸੀਂ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਪੈਸਾ ਕਮਾ ਰਹੇ ਹਾਂ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਟੈਰਿਫਾਂ ਨੇ ਸੰਘਰਸ਼ਾਂ ਨੂੰ ਰੋਕਣ ’ਚ ਮਦਦ ਕੀਤੀ ਹੈ। ਉਨ੍ਹਾਂ ਕਿਹਾ ਕਿ ਮੈਂ ਅੱਠ ਜੰਗਾਂ ਨੂੰ ਰੁਕਵਾਇਆ। ਉਨ੍ਹਾਂ ’ਚੋਂ 5 ਜਾਂ 6 ਸਿਰਫ ਟੈਰਿਫਾਂ ਕਾਰਨ ਰੁਕੀਆਂ। ਟਰੰਪ ਨੇ ਇਹ ਦੁਹਰਾਇਆ ਕਿ ਉਸ ਨੇ ਭਾਰਤ-ਪਾਕਿਸਤਾਨ ਵਿਚਾਲੇ ਹਾਲੀਆ ਫੌਜੀ ਸੰਘਰਸ਼ ਨੂੰ ਵੀ ਰੋਕਣ ’ਚ ਮਦਦ ਕੀਤੀ ਸੀ।
ਭਾਰਤ ’ਤੇ 50 ਨਹੀਂ, ਸਿਰਫ 15 ਫੀਸਦੀ ਅਮਰੀਕੀ ਟੈਰਿਫ ਸੰਭਵ
ਭਾਰਤ ਅਤੇ ਅਮਰੀਕਾ ਵਿਚਾਲੇ ਜਲਦੀ ਹੀ ਵਪਾਰ ਸਮਝੌਤਾ ਹੋਣ ਦੀ ਉਮੀਦ ਹੈ। ਇਕ ਰਿਪੋਰਟ ਦੇ ਅਨੁਸਾਰ ਭਾਰਤ ਦੀਆਂ ਚੋਣਵੀਆਂ ਵਸਤਾਂ ’ਤੇ ਲੱਗਣ ਵਾਲਾ 50 ਫੀਸਦੀ ਟੈਰਿਫ ਘਟ ਕੇ 15 ਫੀਸਦੀ ਹੋ ਸਕਦਾ ਹੈ। ਵਪਾਰ ਸਮਝੌਤੇ ਨਾਲ ਜੁੜੇ ਸੂਤਰਾਂ ਅਨੁਸਾਰ ਊਰਜਾ ਅਤੇ ਖੇਤੀਬਾੜੀ ਸੈਕਟਰ ਸਭ ਤੋਂ ਮਹੱਤਵਪੂਰਨ ਹਨ। ਭਾਰਤ ਇਨ੍ਹਾਂ ’ਚ ਕੁਝ ਰਿਆਇਤ ਦੇ ਸਕਦਾ ਹੈ।
ਅਮਰੀਕੀ ਵਾਰਤਾਕਾਰਾਂ ਦਾ ਦਾਅਵਾ ਹੈ ਕਿ ਭਾਰਤ ਹੌਲੀ-ਹੌਲੀ ਰੂਸੀ ਕੱਚੇ ਤੇਲ ਦੀ ਖਰੀਦ ਘਟਾ ਸਕਦਾ ਹੈ। ਇਸ ਤੋਂ ਇਲਾਵਾ ਇਹ ਅਮਰੀਕਾ ਤੋਂ ਨਾਨ-ਜੀ.ਐੱਮ. (ਜੈਨੇਟਿਕਲੀ ਮਾਡੀਫਾਈਡ) ਮੱਕੀ ਅਤੇ ਸੋਇਆਬੀਨ ਲਈ ਬਾਜ਼ਾਰ ਨੂੰ ਖੋਲ੍ਹ ਸਕਦਾ ਹੈ। ਭਾਰਤ ਦਾ ਮੰਨਣਾ ਹੈ ਕਿ ਤੇਜ਼ੀ ਨਾਲ ਵਧੀ ਘਰੇਲੂ ਪੋਲਟਰੀ, ਡੇਅਰੀ ਅਤੇ ਈਥਾਨੌਲ ਇੰਡਸਟ੍ਰੀ ’ਚ ਅਮਰੀਕੀ ਉਤਪਾਦਾਂ ਦੀ ਖਪਤ ਹੋਵੇਗੀ। ਭਾਰਤੀ ਕਿਸਾਨਾਂ ਦੇ ਹਿੱਤ ਵੀ ਪ੍ਰਭਾਵਿਤ ਨਹੀਂ ਹੋਣਗੇ। ਮੌਜੂਦਾ ਸਮੇਂ ’ਚ ਭਾਰਤ ਸਾਲਾਨਾ ਲੱਗਭਗ 5 ਲੱਖ ਟਨ ਮੱਕੀ ਅਮਰੀਕਾ ਤੋਂ ਇੰਪੋਰਟ ਕਰਦਾ ਹੈ।
ਸਰਕਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਾਂਗੇ : ਰਿਲਾਇੰਸ
ਭਾਰਤੀ ਰਿਫਾਈਨਰਜ਼ ਰੂਸੀ ਤੇਲ ਦਰਾਮਦ ਘਟਾ ਸਕਦੇ ਹਨ। ਰਾਇਟਰਜ਼ ਨੇ ਆਪਣੀ ਰਿਪੋਰਟ ’ਚ ਦੱਸਿਆ ਕਿ ਰਿਫਾਈਨਿੰਗ ਕੰਪਨੀ ਰਿਲਾਇੰਸ ਸਰਕਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਪਣੀ ਰੂਸੀ ਤੇਲ ਖਰੀਦ ਨੂੰ ਐਡਜਸਟ ਕਰੇਗੀ। ਰਿਲਾਇੰਸ ਇੰਡਸਟਰੀਜ਼ ਰੂਸ ਤੋਂ ਆਪਣੀ ਕੱਚੇ ਤੇਲ ਦੀ ਖਰੀਦ ਨੂੰ ਘਟਾ ਸਕਦੀ ਹੈ। ਰਿਲਾਇੰਸ ਰੂਸ ਤੋਂ ਸਭ ਤੋਂ ਜ਼ਿਆਦਾ ਕੱਚਾ ਤੇਲ ਖਰੀਦਣ ਵਾਲੀ ਭਾਰਤੀ ਕੰਪਨੀ ਹੈ। ਟਰੰਪ ਨੇ ਰੂਸੀ ਤੇਲ ਕੰਪਨੀ ਰੋਸਨੇਫਟ ਅਤੇ ਲੂਕੋਇਲ ’ਤੇ ਵੀ ਪਾਬੰਦੀਆਂ ਲਾਈਆਂ ਹਨ। ਸਰਕਾਰੀ ਕੰਪਨੀਆਂ ਜਿਵੇਂ ਇੰਡੀਅਨ ਆਇਲ ਕਾਰਪੋਰੇਸ਼ਨ, ਭਾਰਤ ਪੈਟਰੋਲੀਅਮ ਅਤੇ ਹਿੰਦੁਸਤਾਨ ਪੈਟਰੋਲੀਅਮ ਵੀ ਆਪਣੇ ਵਪਾਰਕ ਦਸਤਾਵੇਜ਼ਾਂ ਦੀ ਜਾਂਚ ਕਰ ਰਹੀਆਂ ਹਨ। ਸੂਤਰਾਂ ਨੇ ਕਿਹਾ ਕਿ ਭਾਰਤ ਸਰਕਾਰ ਨੇ ਨਿੱਜੀ ਤੌਰ ’ਤੇ ਕੰਪਨੀਆਂ ਨੂੰ ਰੂਸੀ ਤੇਲ ਦੀ ਦਰਾਮਦ ਘਟਾਉਣ ਲਈ ਕਿਹਾ ਹੈ।
