ਤ੍ਰਿਪੁਰਾ : ਬੀਮਾਰ ਬੇਟੀ ਨੂੰ ਮਿਲ ਕੇ ਵਾਪਸ ਆ ਰਹੀ ਔਰਤ ਨਾਲ ਚੱਲਦੀ ਕਾਰ ''ਚ ਗੈਂਗਰੇਪ

Friday, Sep 27, 2019 - 11:40 AM (IST)

ਤ੍ਰਿਪੁਰਾ : ਬੀਮਾਰ ਬੇਟੀ ਨੂੰ ਮਿਲ ਕੇ ਵਾਪਸ ਆ ਰਹੀ ਔਰਤ ਨਾਲ ਚੱਲਦੀ ਕਾਰ ''ਚ ਗੈਂਗਰੇਪ

ਅਗਰਤਲਾ— ਤ੍ਰਿਪੁਰਾ ਦੀ ਰਾਜਧਾਨੀ ਅਗਰਤਲਾ 'ਚ ਦਿੱਲੀ ਦੇ ਨਿਰਭਿਆ ਕਾਂਡ ਵਰਗੀ ਘਟਨਾ ਸਾਹਮਣੇ ਆਈ ਹੈ। ਇੱਥੇ ਇਕ 32 ਸਾਲਾ ਔਰਤ ਨਾਲ 8 ਲੋਕਾਂ ਨੇ ਚੱਲਦੀ ਕਾਰ 'ਚ ਗੈਂਗਰੇਪ ਕਰਨ ਤੋਂ ਬਾਅਦ ਦੋਸ਼ੀਆਂ ਨੇ ਉਸ ਨੂੰ ਸੜਕ 'ਤੇ ਸੁੱਟ ਦਿੱਤਾ। ਔਰਤ ਹਸਪਤਾਲ 'ਚ ਭਰਤੀ ਆਪਣੀ 6 ਸਾਲਾ ਬੀਮਾਰ ਬੇਟੀ ਨੂੰ ਮਿਲ ਕੇ ਵਾਪਸ ਆ ਰਹੀ ਸੀ। ਘਟਨਾ ਮੰਗਲਵਾਰ ਰਾਤ ਦੀ ਹੈ। ਔਰਤ ਦੀ ਹਾਲਤ ਗੰਭੀਰ ਬਣੀ ਹੋਈ ਹੈ।
 

8 ਲੋਕਾਂ ਨੇ ਮਿਲ ਕੇ ਕੀਤਾ ਰੇਪ
ਪੂਰਬੀ ਅਗਰਤਲਾ ਮਹਿਲਾ ਥਾਣੇ ਦੀ ਇੰਚਾਰਜ ਮੁਮਤਾਜ ਹਸੀਨਾ ਨੇ ਸ਼ਿਕਾਇਤ ਦੇ ਹਵਾਲੇ ਤੋਂ ਦੱਸਿਆ ਕਿ ਮੰਗਲਵਾਰ ਕਰੀਬ ਸ਼ਾਮ 7.30 ਵਜੇ ਪੀੜਤਾ ਘਰ ਜਾਣ ਲਈ ਆਟੋ ਰਿਕਸ਼ਾ 'ਚ ਸਵਾਰ ਹੋਈ, ਜਿਸ ਦੇ ਚਾਲਕ ਨੂੰ ਉਹ ਜਾਣਦੀ ਸੀ। ਉਨ੍ਹਾਂ ਨੇ ਦੱਸਿਆ ਜਦੋਂ ਆਟੋ ਰਿਕਸ਼ਾ ਚਾਲਕ ਨੇ ਵਾਹਨ ਨੂੰ ਦੂਜੇ ਰਸਤੇ 'ਤੇ ਮੋੜਿਆ ਤਾਂ ਔਰਤ ਨੇ ਵਿਰੋਧ ਕੀਤਾ ਪਰ ਚਾਲਕ ਹੋਰ ਯਾਤਰੀਆਂ ਨੂੰ ਲੈਣ ਦੀ ਗੱਲ ਕਰ ਕੇ ਦੂਜੇ ਰਸਤੇ 'ਤੇ ਚੱਲਾ ਗਿਆ।
ਹਸੀਨਾ ਅਨੁਸਾਰ ਰਸਤੇ 'ਚ ਚਾਰ ਲੋਕ ਆਟੋ ਰਿਕਸ਼ਾ 'ਚ ਸਵਾਰ ਹੋਏ ਅਤੇ ਔਰਤ ਦੇ ਹੱਥ ਅਤੇ ਮੂੰਹ ਬੰਨ੍ਹ ਦਿੱਤਾ। ਬਾਅਦ 'ਚ ਉਨ੍ਹਾਂ ਨੇ ਉਸ ਨੂੰ ਕਾਰ 'ਚ ਪਾਇਆ ਅਤੇ ਕਰੀਬ 15 ਕਿਲੋਮੀਟਰ ਦੂਰ ਨਰਸਿੰਘਗੜ੍ਹ ਲੈ ਗਏ, ਜਿੱਥੇ ਚਾਰ ਹੋਰ ਲੋਕ ਇੰਤਜ਼ਾਰ ਕਰ ਰਹੇ ਸਨ। ਉਨ੍ਹਾਂ ਨੇ ਦੱਸਿਆ ਕਿ ਉਹ ਵੀ ਕਾਰ 'ਚ ਸਵਾਰ ਹੋਏ ਅਤੇ ਸਾਰਿਆਂ ਨੇ ਔਰਤ ਨਾਲ ਰੇਪ ਕੀਤਾ ਅਤੇ ਰਾਤ ਕਰੀਬ 11.30 ਵਜੇ ਸਰਕਿਟ ਹਾਊਸ ਕੋਲ ਪੀੜਤਾ ਨੂੰ ਸੁੱਟ ਦਿੱਤਾ।
 

ਭਾਜਪਾ ਨੇ ਕੀਤੀ ਨਿੰਦਾ
ਭਾਜਪਾ ਦੀ ਲੋਕ ਸਭਾ ਸੰਸਦ ਮੈਂਬਰ ਪ੍ਰਤਿਮਾ ਭੌਮਿਕ ਨੇ ਘਟਨਾ ਦੀ ਨਿੰਦਾ ਕਰਦੇ ਹੋਏ ਮਾਮਲੇ ਦੀ ਜਲਦ ਜਾਂਚ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ। ਪੁਲਸ ਹੋਰ ਦੋਸ਼ੀਆਂ ਦੀ ਤਲਾਸ਼ ਕਰ ਰਹੀ ਹੈ। ਜ਼ਿਕਰਯੋਗ ਹੈ ਕਿ 16 ਦਸੰਬਰ 2012 ਨੂੰ ਦਿੱਲੀ 'ਚ 23 ਸਾਲਾ ਨਿਰਭਿਆ ਨਾਲ ਚੱਲਦੀ ਬੱਸ 'ਚ ਗੈਂਗਰੇਪ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਪੂਰੇ ਦੇਸ਼ 'ਚ ਅੰਦੋਲਨ ਅਤੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਸਰਕਾਰ ਨੇ ਮਹਿਲਾ ਸੁਰੱਖਿਆ ਨਾਲ ਜੁੜੇ ਕਾਨੂੰਨੀ ਪ੍ਰਬੰਧਾਂ ਨੂੰ ਹੋਰ ਸਖਤ ਬਣਾਇਆ ਸੀ।


author

DIsha

Content Editor

Related News