ਹਰਿਆਣਾ ਦੇ ਸੋਨੀਪਤ ''ਚ ਮਾਮੂਲੀ ਵਿਵਾਦ ਮਗਰੋਂ 3 ਲੋਕਾਂ ਦਾ ਕਤਲ, ਫੈਲੀ ਸਨਸਨੀ

07/25/2023 11:06:12 AM

ਸੋਨੀਪਤ- ਹਰਿਆਣਾ ਦੇ ਸੋਨੀਪਤ ਜ਼ਿਲ੍ਹੇ 'ਚ ਤਿਹਰੇ ਕਤਲ ਨਾਲ ਸਨਸਨੀ ਫੈਲ ਗਈ। ਦੋਹਾਂ ਪੱਖਾਂ 'ਚ ਕਿਸੇ ਗੱਲ ਨੂੰ ਲੈ ਕੇ ਲੜਾਈ ਇੰਨੀ ਵਧ ਗਈ ਕਿ ਦੋਹਾਂ ਪੱਖਾਂ ਦੇ 3 ਲੋਕਾਂ ਦੀ ਜਾਨ ਚੱਲੀ ਗਈ। ਦਰਅਸਲ ਪਹਿਲੇ ਪੱਖ ਦੇ ਨੌਜਵਾਨਾਂ ਨੇ ਵਿਜੇਪਾਲ ਨਾਂ ਦੇ ਇਕ ਸ਼ਖ਼ਸ ਨੂੰ ਗੋਲੀਆਂ ਨਾਲ ਭੁੰਨ ਦਿੱਤਾ। ਇਸ ਤੋਂ ਬਾਅਦ ਵਿਜੇਪਾਲ ਦੇ ਗੁੱਸੇ 'ਚ ਆਏ ਪਰਿਵਾਰਕ ਮੈਂਬਰਾਂ ਨੇ ਪਿੰਡ ਵਾਸੀਆਂ ਨਾਲ ਮਿਲ ਕੇ ਵਿਜੇਪਾਲ ਨੂੰ ਗੋਲੀ ਮਾਰਨ ਵਾਲੇ ਅਭਿਸ਼ੇਕ ਅਤੇ ਅਸ਼ਵਨੀ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਸ ਨੇ ਦੋਹਾਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭਿਜਵਾ ਦਿੱਤਾ ਹੈ। ਤਿਹਰੇ ਕਤਲ ਦੀ ਸੂਚਨਾ ਮਿਲਦੇ ਹੀ ਭਾਰੀ ਪੁਲਸ ਫੋਰਸ ਨਾਲ ਆਲਾ ਅਧਿਕਾਰੀ ਮੌਕੇ 'ਤੇ ਪਹੁੰਚੇ। 

ਕੀ ਹੈ ਪੂਰਾ ਮਾਮਲਾ

ਦਰਅਸਲ ਅਗਵਾਨਪੁਰ ਪਿੰਡ ਦੇ ਰਹਿਣ ਵਾਲੇ ਰਾਹੁਲ ਅਤੇ ਸੋਮਦੱਤ ਦੀ ਕਿਸੇ ਗੱਲ ਨੂੰ ਲੈ ਕੇ ਆਪਸ 'ਚ ਲੜਾਈ ਹੋ ਗਈ ਅਤੇ ਮਾਮਲਾ ਥਾਣੇ ਤੱਕ ਪਹੁੰਚ ਗਿਆ। ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਦਖਲ ਦੇ ਕੇ ਦੋਵਾਂ ਧਿਰਾਂ ਦਾ ਸਮਝੌਤਾ ਕਰਵਾ ਦਿੱਤਾ ਪਰ ਰਾਹੁਲ ਤੇ ਉਸ ਦੇ ਦੋਸਤ ਇਸ ਗੱਲ ਤੋਂ ਨਾਰਾਜ਼ ਸਨ।

ਰਾਹੁਲ ਅਤੇ ਉਸ ਦੇ ਦੋਸਤ ਅਸ਼ਵਨੀ ਅਤੇ ਅਭਿਸ਼ੇਕ ਸਮੇਤ ਕਈ ਲੋਕਾਂ ਨੂੰ ਲੈ ਕੇ ਆਨੰਦ ਨਾਮ ਦੇ ਵਿਅਕਤੀ ਦੇ ਘਰ ਪਹੁੰਚੇ ਅਤੇ ਉੱਥੇ ਉਨ੍ਹਾਂ ਨੇ ਵਿਜੇਪਾਲ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਜਿਵੇਂ ਹੀ ਵਿਜੇਪਾਲ ਦੇ ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਨੇ ਫਾਇਰਿੰਗ ਦੀ ਆਵਾਜ਼ ਸੁਣੀ ਤਾਂ ਸਾਰਾ ਪਿੰਡ ਉੱਥੇ ਇਕੱਠਾ ਹੋ ਗਿਆ। ਇਸ ਤੋਂ ਬਾਅਦ ਵਿਜੇਪਾਲ ਦੇ ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਨੇ ਗੁੱਸੇ 'ਚ ਆ ਕੇ ਅਭਿਸ਼ੇਕ ਅਤੇ ਅਸ਼ਵਨੀ 'ਤੇ ਡੰਡਿਆਂ ਅਤੇ ਪੱਥਰਾਂ ਨਾਲ ਵਾਰ ਕੀਤਾ, ਜਿਸ ਤੋਂ ਬਾਅਦ ਦੋਵਾਂ ਦੀ ਵੀ ਮੌਤ ਹੋ ਗਈ। 

ਵਾਰਦਾਤ ਮਗਰੋਂ ਸੋਨੀਪਤ, ਗੰਨੌਰ ਏ. ਸੀ. ਪੀ. ਗੋਰਖਪਾਲ ਰਾਣਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਅਗਵਾਨਪੁਰ ਵਿਚ ਦੋ ਪੱਖਾਂ ਵਿਚ ਲੜਾਈ ਹੋਈ ਹੈ, ਜਿਸ ਵਿਚ ਗੋਲੀਆਂ, ਡੰਡੇ ਅਤੇ ਪੱਥਰ ਚੱਲੇ ਹਨ। ਵਿਜੇਪਾਲ ਨੂੰ ਗੋਲੀ ਮਾਰ ਕਤਲ ਕਰ ਦਿੱਤਾ ਗਿਆ, ਜਦਕਿ ਗੋਲੀ ਮਾਰਨ ਵਾਲੇ ਦੋਸ਼ੀਆਂ ਅਭਿਸ਼ੇਕ ਅਤੇ ਅਸ਼ਵਨੀ ਨੂੰ ਡੰਡੇ ਅਤੇ ਪੱਥਰ ਨਾਲ ਕੁੱਟ ਕੇ ਮਾਰ ਦਿੱਤਾ ਗਿਆ। ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।


Tanu

Content Editor

Related News