‘ਇੰਡੀਆ’ ਗੱਠਜੋੜ ਦੀ ਮਦਦ ਲਈ ਤ੍ਰਿਣਮੂਲ ਨੂੰ ਜ਼ਿਆਦਾ ਸੀਟਾਂ ਦੀ ਲੋੜ : ਮਮਤਾ ਬੈਨਰਜੀ

Tuesday, May 21, 2024 - 05:17 PM (IST)

‘ਇੰਡੀਆ’ ਗੱਠਜੋੜ ਦੀ ਮਦਦ ਲਈ ਤ੍ਰਿਣਮੂਲ ਨੂੰ ਜ਼ਿਆਦਾ ਸੀਟਾਂ ਦੀ ਲੋੜ : ਮਮਤਾ ਬੈਨਰਜੀ

ਕੋਲਕਾਤਾ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ਨੂੰ ਵੱਧ ਤੋਂ ਵੱਧ ਸੀਟਾਂ ਮਿਲਣ ਨਾਲ ਇਹ ਯਕੀਨੀ ਹੋਵੇਗਾ ਕਿ ਉਹ ਕੇਂਦਰ ’ਚ ਵਿਰੋਧੀ ਗੱਠਜੋੜ ‘ਇੰਡੀਆ’ ਨੂੰ ਸਰਕਾਰ ਬਣਾਉਣ ’ਚ ਪੂਰੀ ਤਰ੍ਹਾਂ ਮਦਦ ਕਰ ਸਕੇਗੀ। ਉਨ੍ਹਾਂ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੀ ‘ਗਾਰੰਟੀ’ ਸੱਚ ਨਹੀਂ ਹੈ।

ਟੀ. ਐੱਮ. ਸੀ. ਪ੍ਰਧਾਨ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲੋਕਾਂ ਨੂੰ ਰਸੋਈ ਗੈਸ, ਬਿਜਲੀ ਮੁਫਤ ’ਚ ਨਹੀਂ ਦਿੱਤੀ ਜਾ ਰਹੀ ਹੈ। ਬੈਨਰਜੀ ਨੇ ਵੋਟਰਾਂ ਨੂੰ ਟੀ. ਐੱਮ. ਸੀ. ਨੂੰ ਵੋਟ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਵੋਟਾਂ ਦਿੱਲੀ ਲਈ ਹਨ, ਜੇ ਅਸੀਂ ਤੁਹਾਡੀ ਵੋਟ ਨਾਲ ਹਰ ਸੀਟ ਜਿੱਤ ਸਕਦੇ ਹਾਂ ਤਾਂ ਅਸੀਂ ‘ਇੰਡੀਆ’ ਗੱਠਜੋੜ ਵੱਲੋਂ ਬਣਾਈ ਜਾਣ ਵਾਲੀ ਸਰਕਾਰ ਦੀ ਮਦਦ ਕਰ ਸਕਦੇ ਹਾਂ, ਇਸ ਲਈ ਸਾਨੂੰ ਜ਼ਿਆਦਾ ਸੀਟਾਂ ਦੀ ਲੋੜ ਹੈ। ਬੈਨਰਜੀ ਨੇ ਦੋਸ਼ ਲਾਇਆ ਕਿ ਭਾਜਪਾ ਨੇ ਸੰਦੇਸ਼ਖਾਲੀ ਦੀਆਂ ਔਰਤਾਂ ਦੇ ਸਬੰਧ ’ਚ ਇਕ ਸਾਜ਼ਿਸ਼ ਰਚੀ, ਜਿੱਥੇ ਸਥਾਨਕ ਟੀ. ਐੱਮ. ਸੀ. ਨੇਤਾਵਾਂ ਦੇ ਖਿਲਾਫ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਕਾਰਨ ਲੰਬੇ ਸਮੇਂ ਤੱਕ ਵਿਰੋਧ ਪ੍ਰਦਰਸ਼ਨ ਹੋਇਆ।

ਮੁੱਖ ਮੰਤਰੀ ਨੇ ਸਾਰੀਆਂ ਜਾਤਾਂ ਅਤੇ ਧਰਮਾਂ ਦੇ ਲੋਕਾਂ ਨੂੰ ਇਕਜੁੱਟ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਅਗਲੀ ਸਾਜ਼ਿਸ਼ (ਲੋਕਾਂ ਨੂੰ) ਲੜਾਉਣਾ ਹੈ। ਮਾਰਕਸਵਾਦੀ ਕਮਿਊਨਿਸਟ ਪਾਰਟੀ (ਮਾਕਪਾ) ਦੀ ਅਗਵਾਈ ਵਾਲੀ ਤਤਕਾਲੀ ਖੱਬੇ-ਪਖੀ ਮੋਰਚਾ ਸਰਕਾਰ ਦੇ ਖਿਲਾਫ 2007 ’ਚ ਨੰਦੀਗ੍ਰਾਮ ’ਚ ਜ਼ਮੀਨ ਪ੍ਰਾਪਤੀ ਵਿਰੋਧੀ ਅੰਦੋਲਨ ਦੇ ਦਿਨਾਂ ਨੂੰ ਯਾਦ ਕਰਦਿਆਂ ਬੈਨਰਜੀ ਨੇ ਕਿਹਾ ਕਿ ਉਹ ਤਤਕਾਲੀ ਰਾਜਪਾਲ ਗੋਪਾਲਕ੍ਰਿਸ਼ਨ ਗਾਂਧੀ ਦੀ ਮਦਦ ਲਈ ਹਮੇਸ਼ਾ ਸ਼ੁਕਰਗੁਜ਼ਾਰ ਰਹਿਣਗੇ। ਬੈਨਰਜੀ ਨੇ ਮੌਜੂਦਾ ਗਵਰਨਰ ਸੀ. ਵੀ. ਆਨੰਦ ਬੋਸ ਦਾ ਨਾਂ ਲਏ ਬਿਨਾਂ ਉਨ੍ਹਾਂ ’ਤੇ ਵਿਅੰਗ ਕਸਦਿਆਂ ਕਿਹਾ ਕਿ ਉਹ (ਗਾਂਧੀ) ਬਹੁਤ ਵਧੀਆ ਵਿਅਕਤੀ ਹਨ ਪਰ ਮੈਂ ਮੌਜੂਦਾ ਰਾਜਪਾਲ ਬਾਰੇ ਗੱਲ ਨਹੀਂ ਕਰਾਂਗੀ। ਟੀ. ਐੱਮ. ਸੀ. ਅਤੇ ਬੋਸ ਦਾ ਵੱਖ-ਵੱਖ ਮੁੱਦਿਆਂ ’ਤੇ ਟਕਰਾਅ ਰਿਹਾ ਹੈ।


author

Rakesh

Content Editor

Related News