TMC ਸੰਸਦ ਮੈਂਬਰ ਸੌਗਤ ਰਾਏ ਦਾ ਦਾਅਵਾ, ਕਿਹਾ- ਮੈਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ
Thursday, Jul 11, 2024 - 11:22 AM (IST)
ਕੋਲਕਾਤਾ- ਤ੍ਰਿਣਮੂਲ ਕਾਂਗਰਸ (TMC) ਦੇ ਸੀਨੀਅਰ ਨੇਤਾ ਅਤੇ ਸੰਸਦ ਮੈਂਬਰ ਸੌਗਤ ਰਾਏ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਫੋਨ 'ਤੇ ਧਮਕੀ ਮਿਲੀ ਹੈ ਕਿ ਜੇਕਰ ਪਾਰਟੀ ਦੇ ਗ੍ਰਿਫ਼ਤਾਰ ਨੇਤਾ ਜਯੰਤ ਸਿੰਘ ਨੂੰ ਜਲਦ ਹੀ ਰਿਹਾਅ ਨਹੀਂ ਕੀਤਾ ਗਿਆ, ਤਾਂ ਉਨ੍ਹਾਂ ਜਾਨ ਤੋਂ ਮਾਰ ਦਿੱਤਾ ਜਾਵੇਗਾ। ਪੱਛਮੀ ਬੰਗਾਲ ਦੇ ਉੱਤਰੀ-24 ਪਰਗਨਾ ਜ਼ਿਲ੍ਹੇ ਦੇ ਅਰੀਯਾਦਾਹਾ ਇਲਾਕੇ ਤੋਂ ਆਉਣ ਵਾਲੇ ਜਯੰਤ 30 ਜੂਨ ਨੂੰ ਭੀੜ ਵਲੋਂ ਕੀਤੀ ਗਈ ਹਿੰਸਾ ਦੀ ਘਟਨਾ ਦੇ ਮੁੱਖ ਸ਼ੱਕੀ ਹਨ ਅਤੇ ਪੁਲਸ ਨੇ ਉਨ੍ਹਾਂ ਨੂੰ ਪਿਛਲੇ ਹਫ਼ਤੇ ਗ੍ਰਿਫ਼ਤਾਰ ਕੀਤਾ ਸੀ। ਅਰੀਯਾਦਾਹਾ ਦਮਦਮ ਲੋਕ ਸਭਾ ਖੇਤਰ ਤਹਿਤ ਆਉਂਦਾ ਹੈ, ਜਿੱਥੋਂ ਸੌਗਤ ਰਾਏ 4 ਵਾਰ ਦੇ ਸੰਸਦ ਮੈਂਬਰ ਹਨ।
ਰਾਏ ਨੇ ਦੱਸਿਆ ਕਿ ਮੈਨੂੰ ਇਕ ਅਣਪਛਾਤੇ ਨੰਬਰ ਤੋਂ ਫੋਨ ਆਇਆ। ਫੋਨ ਕਰਨ ਵਾਲੇ ਵਿਅਕਤੀ ਨੇ ਦਾਅਵਾ ਕੀਤਾ ਕਿ ਜੇਕਰ ਮੈਂ ਜਯੰਤ ਸਿੰਘ ਦੀ ਰਿਹਾਈ ਯਕੀਨੀ ਨਹੀਂ ਕਰਵਾਈ ਤਾਂ ਮੇਰਾ ਕਤਲ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਫੋਨ ਕਰਨ ਵਾਲੇ ਵਿਅਕਤੀ ਨੇ ਇਹ ਵੀ ਕਿਹਾ ਕਿ ਜੇਕਰ ਮੈਂ ਅਰੀਯਾਦਾਹਾ ਗਿਆ, ਤਾਂ ਮੈਨੂੰ ਮਾਰ ਦਿੱਤਾ ਜਾਵੇਗਾ। ਧਮਕੀ ਭਰਿਆ ਫੋਨ ਦੋ ਵਾਰ ਆਇਆ ਅਤੇ ਫੋਨ ਕਰਨ ਵਾਲੇ ਵਿਅਕਤੀ ਨੇ ਮੈਨੂੰ ਗਾਲ੍ਹਾਂ ਵੀ ਕੱਢੀਆਂ।
ਰਾਏ ਨੇ ਕਿਹਾ ਕਿ ਮੈਂ ਬਰਾਕਪੁਰ ਪੁਲਸ ਕਮਿਸ਼ਨਰ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਤੋਂ ਫੋਨ ਕਰਨ ਵਾਲੇ ਵਿਅਕਤੀ ਦਾ ਨੰਬਰ ਟਰੈਕ ਕਰਨ ਦੀ ਬੇਨਤੀ ਕੀਤੀ। ਮੈਂ ਪੁਲਸ ਵਿਚ ਸ਼ਿਕਾਇਤ ਦਰਜ ਕਰਵਾਈ ਹੈ। ਦੱਸ ਦੇਈਏ ਕਿ ਜਯੰਤ ਨੂੰ 30 ਜੂਨ ਨੂੰ ਕਾਲਜ ਦੇ ਇਕ ਵਿਦਿਆਰਥੀ ਅਤੇ ਉਸ ਦੀ ਮਾਂ ਨਾਲ ਕੁੱਟਮਾਰ ਕਰਨ ਦੇ ਸਬੰਧ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਲੋਕਾਂ ਦੇ ਇਕ ਸਮੂਹ ਵਲੋਂ ਮਾਂ-ਪੁੱਤ ਦੀ ਕੁੱਟਮਾਰ ਕਰਨ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕੀਤਾ ਗਿਆ ਸੀ। ਪੁਲਸ ਨੇ ਇਕ ਪੁਰਾਣੇ ਵੀਡੀਓ ਦੇ ਪ੍ਰਸਾਰਿਤ ਹੋਣ ਮਗਰੋਂ ਜਯੰਤ ਖਿਲਾਫ਼ ਨੋਟਿੰਸ ਲੈਂਦੇ ਹੋਏ ਮਾਮਲਾ ਦਰਜ ਕੀਤਾ ਗਿਆ। ਜਯੰਤ ਨੂੰ ਇਕ ਹੋਰ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਹ ਜ਼ਮਾਨਤ 'ਤੇ ਬਾਹਰ ਸੀ।