ਅਧਿਆਪਕ ਭਰਤੀ ਘਪਲੇ : ED ਦੇ ਸਾਹਮਣੇ ਪੇਸ਼ ਹੋਏ ਤ੍ਰਿਣਮੂਲ ਦੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ

Monday, Jun 15, 2026 - 07:46 PM (IST)

ਅਧਿਆਪਕ ਭਰਤੀ ਘਪਲੇ : ED ਦੇ ਸਾਹਮਣੇ ਪੇਸ਼ ਹੋਏ ਤ੍ਰਿਣਮੂਲ ਦੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ

ਕੋਲਕਾਤਾ, (ਏਜੰਸੀ)- ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੇ ਅਧਿਕਾਰੀਆਂ ਨੇ ਸੋਮਵਾਰ ਕਥਿਤ ਪ੍ਰਾਇਮਰੀ ਸਕੂਲ ਭਰਤੀ ਘਪਲੇ ਦੀ ਜਾਂਚ ਸਬੰਧੀ ਤ੍ਰਿਣਮੂਲ ਕਾਂਗਰਸ ਦੇ ਰਾਸ਼ਟਰੀ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਤੋਂ ਪੁੱਛਗਿੱਛ ਕੀਤੀ। ਇਕ ਅਧਿਕਾਰੀ ਨੇ ਕਿਹਾ ਕਿ ਬੈਨਰਜੀ ਤੋਂ ਇਹ ਪੁੱਛਗਿੱਛ ਅਜਿਹੇ ਸਮੇਂ ਹੋਈ ਹੈ ਜਦੋਂ ਅਪਰਾਧਿਕ ਜਾਂਚ ਵਿਭਾਗ (ਸੀ. ਆਈ. ਡੀ.) ਨੇ ਪੱਛਮੀ ਬੰਗਾਲ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਦੀ ਨਿਯੁਕਤੀ ਲਈ ਵਿਧਾਇਕਾਂ ਦੇ ਦਸਤਖਤਾਂ ਦੀ ਕਥਿਤ ਜਾਅਲਸਾਜ਼ੀ ਦੇ ਸਬੰਧ ’ਚ ਤ੍ਰਿਣਮੂਲ ਕਾਂਗਰਸ ਦੇ ਰਾਸ਼ਟਰੀ ਜਨਰਲ ਸਕੱਤਰ ਤੋਂ ਐਤਵਾਰ ਵੀ ਲੱਗਭਗ ਸਾਢੇ ਅੱਠ ਘੰਟੇ ਪੁੱਛਗਿੱਛ ਕੀਤੀ ਸੀ।

ਅਧਿਕਾਰੀ ਨੇ ਕਿਹਾ ਕਿ ਕੇਂਦਰੀ ਜਾਂਚ ਏਜੰਸੀ ਨੇ ਘਪਲੇ ਸਬੰਧੀ ਡਾਇਮੰਡ ਹਾਰਬਰ ਦੇ ਸੰਸਦ ਮੈਂਬਰ ਬੈਨਰਜੀ ਤੋਂ ਪੁੱਛੇ ਜਾਣ ਵਾਲੇ 2 ਦਰਜਨ ਸਵਾਲਾਂ ਦੀ ਸੂਚੀ ਤਿਆਰ ਕੀਤੀ ਹੈ। ਪੁੱਛਗਿੱਛ ਦੀ ਪੂਰੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕੀਤੀ ਜਾਵੇਗੀ, ਤਸਦੀਕ ਕੀਤੀ ਜਾਵੇਗੀ ਤੇ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ ਹੋਰ ਮੁਲਜ਼ਮਾਂ ਦੇ ਸਬੂਤਾਂ ਤੇ ਬਿਆਨਾਂ ਨਾਲ ਤੁਲਨਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਥਿਤ ਅਪਰਾਧ ਤੋਂ ਕਮਾਏ ਪੈਸਿਆਂ ਦੇ ਸੱਮਿਆਂ ਤੇ ਪ੍ਰਵਾਹ ਦਾ ਪਤਾ ਲਾਉਣ ਲਈ ਜਾਂਚਕਰਤਾ ਬੈਨਰਜੀ ਦਾ ਸਾਹਮਣਾ ਵਿੱਤੀ ਦਸਤਾਵੇਜ਼ਾਂ, ਡਿਜੀਟਲ ਰਿਕਾਰਡਾਂ ਤੇ ਮਾਮਲੇ ਦੇ ਹੋਰ ਮੁਲਜ਼ਮਾਂ ਦੇ ਬਿਆਨਾਂ ਨਾਲ ਵੀ ਕਰਨਗੇ।


author

Shubam Kumar

Content Editor

Related News