ਅਮਰਨਾਥ ਯਾਤਰਾ ’ਤੇ ਅੱਤਵਾਦੀਆਂ ਦਾ ਸਾਇਆ, ਸ਼ਰਧਾਲੂਆਂ ਨੂੰ ਨਿਸ਼ਾਨਾ ਬਣਾਉਣ ਦੀ ਦਿੱਤੀ ਧਮਕੀ

Monday, May 23, 2022 - 12:39 PM (IST)

ਨਵੀਂ ਦਿੱਲੀ- ਅਮਰਨਾਥ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਯਾਤਰਾ ’ਤੇ ਅੱਤਵਾਦੀਆਂ ਦਾ ਸਾਇਆ ਮੰਡਰਾ ਰਿਹਾ ਹੈ। ਦਰਅਸਲ ਇਕ ਅੱਤਵਾਦੀ ਸੰਗਠਨ ਵੱਲੋਂ ਧਮਕੀ ਦਿੱਤੀ ਗਈ ਹੈ। ਦੱਸ ਦੇਈਏ ਕਿ ਅਮਰਨਾਥ ਯਾਤਰਾ 30 ਜੂਨ ਤੋਂ ਸ਼ੁਰੂ ਹੋਣ ਜਾ ਰਹੀ ਹੈ, ਅਜਿਹੇ ’ਚ ਮਿਲੀ ਧਮਕੀ ਯਾਤਰਾ ’ਤੇ ਸੰਕਟ ਦੇ ਤੌਰ ’ਤੇ ਵੇਖਿਆ ਜਾ ਰਿਹਾ ਹੈ। ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੀ ਇਕ ਸ਼ਾਖਾ  ਦਿ ਰੇਜ਼ੀਸਟੈਂਸ ਫਰੰਟ (TRF) ਨੇ ਅਮਰਨਾਥ ਯਾਤਰਾ 'ਤੇ ਹਮਲੇ ਦੀ ਧਮਕੀ ਦਿੱਤੀ ਹੈ। ਯਾਤਰਾ ਦੀ ਸ਼ੁਰੂਆਤ ਤੋਂ ਪਹਿਲਾਂ ਅੱਤਵਾਦੀ ਸਮੂਹ ਨੇ ਹੁਣ ਚੇਤਾਵਨੀ ਜਾਰੀ ਕੀਤੀ ਹੈ ਅਤੇ ਕਿਹਾ ਹੈ ਕਿ ਸ਼ਰਧਾਲੂਆਂ 'ਤੇ ਹਮਲਾ ਕੀਤਾ ਜਾਵੇਗਾ। 22 ਮਈ ਨੂੰ ਲਿਖੀ ਇਕ ਚਿੱਠੀ ’ਚ TRF ਨੇ ਦਾਅਵਾ ਕੀਤਾ ਕਿ ਸਰਕਾਰ ਪਹਿਲਾਂ ਵੋਟ ਬੈਂਕ ਦੀ ਰਾਜਨੀਤੀ ਲਈ ਕਸ਼ਮੀਰੀ ਪੰਡਤਾਂ ਦੀ ਵਰਤੋਂ ਕਰਦੀ ਸੀ ਅਤੇ ਇਸ ਲਈ ਤੀਰਥ ਯਾਤਰਾ ਦੀ ਵਰਤੋਂ ਨਹੀਂ ਕਰ ਰਹੀ ਸੀ।

ਇਹ ਵੀ ਪੜ੍ਹੋ: ‘ਜੋ ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਨਾਲ ਖੁੱਲ੍ਹਿਆ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ, ਨਤਮਸਤਕ ਹੋਈ ਸੰਗਤ

ਚਿੱਠੀ ਵਿਚ ਅੱਤਵਾਦੀ ਸੰਗਠਨ ਵਲੋਂ ਰਾਸ਼ਟਰੀ ਸਵੈਮ ਸੇਵਕ ਸੰਘ (RSS) ਅਤੇ ਕੇਂਦਰ ਸਰਕਾਰ ਨੂੰ ਵੀ ਘੇਰਿਆ ਹੈ। ਅੱਤਵਾਦੀ ਸੰਗਠਨ ਨੇ ਖੁੱਲ੍ਹੇਆਮ ਸ਼ਰਧਾਲੂਆਂ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਹੈ। ਸੰਗਠਨ ਨੇ ਅੱਗੇ ਕਿਹਾ ਕਿ ਉਹ ਸਰਕਾਰ ਦੀਆਂ "ਯੋਜਨਾਵਾਂ" ਦੇ ਵਿਰੁੱਧ ਕੰਮ ਕਰੇਗਾ ਕਿਉਂਕਿ ਅਮਰਨਾਥ ਯਾਤਰਾ "ਸਿਆਸੀ ਅਤੇ ਜਨਸੰਖਿਆ ਦੇ ਲਾਭ" ਲਈ ਵਰਤੀ ਜਾਂਦੀ ਹੈ। ਚਿੱਠੀ ਵਿਚ ਅੱਗੇ ਕਿਹਾ ਗਿਆ ਹੈ ਕਿ TRF ਇਸ ਸ਼ਾਸਨ ਦਾ ਮੋਹਰਾ ਬਣਨ ਵਾਲੇ ਕਿਸੇ ਵੀ ਕਠਪੁਤਲੀ ਨੂੰ ਖੁੱਲ੍ਹੇਆਮ ਨਿਸ਼ਾਨਾ ਬਣਾਏਗਾ ਅਤੇ ਅਜਿਹੇ ਕਠਪੁਤਲੀ ਅਤੇ ਮੋਹਰੇ ਦਾ ਖੂਨ ਜੰਮੂ ਤੋਂ ਕਸ਼ਮੀਰ ਤੱਕ ਹਰ ਜਗ੍ਹਾ ਵਗੇਗਾ।”

ਇਹ ਵੀ ਪੜ੍ਹੋ: ਹਰਿਆਣਾ ਦੀ ਮਿੱਟੀ ’ਚ ਅਜਿਹਾ ਕੀ ਹੈ... PM ਮੋਦੀ ਦੇ ਸਵਾਲ ਦਾ ਖਿਡਾਰਣ ਨੇ ਦਿੱਤਾ ਇਹ ਜਵਾਬ

ਅੱਤਵਾਦੀ ਸੰਗਠਨ ਨੇ ਚਿੱਠੀ ਨੂੰ ਇਹ ਦੱਸ ਕੇ ਖਤਮ ਕੀਤਾ ਕਿ ਸਮੂਹ ਸਥਿਤੀ 'ਤੇ ਪੂਰੀ ਤਰ੍ਹਾਂ ਨਜ਼ਰ ਰੱਖ ਰਿਹਾ ਸੀ। ਸੰਗਠਨ ਨੇ ਇਹ ਵੀ ਕਿਹਾ, "ਅਸੀਂ ਕਿਸੇ ਵੀ ਧਾਰਮਿਕ ਮਾਮਲੇ ਦੇ ਵਿਰੁੱਧ ਨਹੀਂ ਹਾਂ ਪਰ ਜਦੋਂ ਅਜਿਹੀਆਂ ਧਾਰਮਿਕ ਸੰਸਥਾਵਾਂ ਦੀ ਕਸ਼ਮੀਰ ਸੰਘਰਸ਼ ਦੇ ਵਿਰੁੱਧ ਵਰਤੋਂ ਕੀਤੀ ਜਾਂਦੀ ਹੈ, ਤਾਂ ਅਜਿਹੇ ਮਾਮਲਿਆਂ ਨੂੰ ਆਪਣੇ ਹੱਥਾਂ ਵਿੱਚ ਲੈਣਾ ਸਾਡੇ ਲਈ ਜ਼ਰੂਰੀ ਅਤੇ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ।" 

ਇਹ ਵੀ ਪੜ੍ਹੋ: ਜੰਮੂ ਕਸ਼ਮੀਰ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, 2 ਅੱਤਵਾਦੀ ਗ੍ਰਿਫ਼ਤਾਰ, 15 ਪਿਸਤੌਲਾਂ ਬਰਾਮਦ

ਦੱਸਣਯੋਗ ਹੈ ਕਿ ਅੱਜ ਸ਼੍ਰੀਨਗਰ ਪੁਲਸ ਨੇ ਲਸ਼ਕਰ ਦੇ ਦੋ ਹਾਈਬ੍ਰਿਡ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਕੋਲੋਂ ਭਾਰੀ ਮਾਤਰਾ ’ਚ ਹਥਿਆਰ ਬਰਾਮਦ ਕੀਤੇ ਗਏ ਹਨ। ਅੱਤਵਾਦੀਆਂ ਵਲੋਂ 15 ਪਿਸਤੌਲ, 30 ਮੈਗਜ਼ੀਨ, 300 ਰਾਊਂਡ ਅਤੇ 1 ਸਾਈਲੈਂਸਰ ਸਮੇਤ ਅਪਰਾਧਕ ਸਮੱਗਰੀ, ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ। ਪੁਲਸ ਵਲੋਂ ਕੇਸ ਦਰਜ ਕੀਤਾ ਹੈ, ਜਾਂਚ ਚੱਲ ਰਹੀ ਹੈ। ਪੁਲਸ ਲਈ ਇਹ ਵੱਡੀ ਸਫ਼ਲਤਾ ਹੈ। 


Tanu

Content Editor

Related News