ਉੱਤਰ ਪ੍ਰਦੇਸ਼ ’ਚ ਵਾਪਰਿਆ ਦਰਦਨਾਕ ਹਾਦਸਾ : ਟਰੱਕ ਪਲਟਣ ਕਾਰਨ 10 ਸ਼ਰਧਾਲੂਆਂ ਦੀ ਮੌਤ, 30 ਜ਼ਖ਼ਮੀ
Saturday, Apr 10, 2021 - 07:15 PM (IST)
ਇਟਾਵਾ (ਭਾਸ਼ਾ)-ਉੱਤਰ ਪ੍ਰਦੇਸ਼ ਦੇ ਇਟਾਵਾ ਜ਼ਿਲ੍ਹੇ ’ਚ ਸ਼ਨੀਵਾਰ ਕਾਲਿਕਾ ਦੇਵੀ ਮੰਦਿਰ ’ਤੇ ਝੰਡਾ ਚੜ੍ਹਾਉਣ ਜਾ ਰਹੇ ਸ਼ਰਧਾਲੂਆਂ ਨਾਲ ਭਰੇ ਟਰੱਕ ਦੇ ਪਲਟਣ ਕਾਰਨ 10 ਲੋਕਾਂ ਦੀ ਮੌਤ ਹੋ ਗਈ, ਜਦਕਿ 30 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਇਟਾਵਾ ਦੇ ਸੀਨੀਅਰ ਪੁਲਸ ਮੁਖੀ ਬ੍ਰਿਜੇਸ਼ ਕੁਮਾਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜ਼ਿਲ੍ਹੇ ਦੇ ਬੜਪੁਰਾ ਥਾਣਾ ਖੇਤਰ ਦੇ ਉਦੀ ਚਕਰਨਗਰ ਮਾਰਗ ’ਤੇ ਸ਼ਾਮ 4 ਵਜੇ ਕਸਉਵਾ ਮੋੜ ਦੇ ਨੇੜੇ ਇਕ ਟਰੱਕ ਪਲਟ ਗਿਆ।
ਉਨ੍ਹਾਂ ਦੱਸਿਆ ਕਿ ਇਸ ਦੁਰਘਟਨਾ ’ਚ ਘੱਟ ਤੋਂ ਘੱਟ 10 ਲੋਕਾਂ ਦੀ ਮੌਤ ਹੋ ਗਈ, ਜਦਕਿ 30 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਐੱਸ. ਐੱਸ.ਪੀ. ਮੁਤਾਬਕ ਪਿਨਾਹਟ ਵਾਹ ਆਗਰਾ ਤੋਂ ਇਕ ਟਰੱਕ ’ਤੇ ਸਵਾਰ ਹੋ ਕੇ ਤਕਰੀਬਨ 60 ਲੋਕ ਇਟਾਵਾ ਜ਼ਿਲ੍ਹੇ ਦੇ ਕਸਬਾ ਲਖਨਾ ਸਥਿਤ ਕਾਲਿਕਾ ਦੇਵੀ ਮੰਦਿਰ ’ਤੇ ਝੰਡਾ ਚੜ੍ਹਾਉਣ ਜਾ ਰਹੇ ਸਨ, ਤਾਂ ਕਸਉਵਾ ਮੋੜ ’ਤੇ ਟਰੱਕ ਬੇਕਾਬੂ ਹੋ ਕੇ ਪਲਟ ਗਿਆ ਤੇ ਸੜਕ ਕਿਨਾਰੇ 30 ਫੁੱਟ ਡੂੰਘੇ ਖੱਡੇ ’ਚ ਡਿੱਗ ਗਿਆ।