ਮਾਊਂਟ ਐਵਰੈਸਟ ''ਤੇ ਲੱਗੇ ''ਟ੍ਰੈਫਿਕ ਜਾਮ'' ਕਾਰਨ ਕਈ ਪਰਬਤਾਰੋਹੀਆਂ ਦੀ ਮੌਤ

05/26/2019 2:26:25 PM

ਕਾਠਮੰਡੂ/ਸਿਡਨੀ— ਮਾਊਂਟ ਐਵਰੈਸਟ 'ਤੇ ਚੜ੍ਹ੍ਹਨ ਦਾ ਸੁਪਨਾ ਦੁਨੀਆ ਦੇ ਬਹੁਤ ਸਾਰੇ ਲੋਕ ਦੇਖਦੇ ਹਨ ਅਤੇ ਕਈ ਆਪਣਾ ਸੁਪਨਾ ਪੂਰਾ ਕਰ ਲੈਂਦੇ ਹਨ। ਮਾਊਂਟ ਐਵਰੈਸਟ ਫਤਹਿ ਕਰਨ ਵਾਲੇ ਲੋਕਾਂ ਦੀ ਗਿਣਤੀ ਕਾਫੀ ਵਧ ਗਈ ਹੈ। ਹਾਲਾਤ ਇਹ ਹੈ ਕਿ ਇੱਥੇ ਹੁਣ ਪਰਬਤਾਰੋਹੀਆਂ ਦੀ ਕਾਫੀ ਲੰਬੀ ਲਾਈਨ ਲੱਗੀ ਹੋਈ ਹੈ, ਜਿਸ ਦਾ ਬੁਰਾ ਅਸਰ ਉਨ੍ਹਾਂ ਦੀ ਸਿਹਤ 'ਤੇ ਪੈ ਰਿਹਾ ਹੈ।ਇੱਥੇ ਦੋ ਮਹੀਨਿਆਂ 'ਚ 10 ਪਰਬਤਾਰੋਹੀਆਂ ਦੀ ਮੌਤ ਹੋ ਚੁੱਕੀ ਹੈ।

ਐਤਵਾਰ ਸਵੇਰੇ ਇਕ ਹੋਰ ਬ੍ਰਿਟਿਸ਼ ਪਰਬਤਾਰੋਹੀ ਦੀ ਇੱਥੇ ਮੌਤ ਹੋ ਗਈ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀਰਵਾਰ ਨੂੰ ਇੱਥੇ 3 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ 'ਚੋਂ ਇਕ ਆਸਟ੍ਰੇਲੀਅਨ ਅਤੇ ਬਾਕੀ ਦੋ ਭਾਰਤੀ ਸਨ। ਬੁੱਧਵਾਰ ਨੂੰ ਜਿਨ੍ਹਾਂ ਦੋ ਲੋਕਾਂ ਦੀ ਮੌਤ ਹੋਈ, ਉਨ੍ਹਾਂ 'ਚੋਂ ਇਕ ਭਾਰਤੀ ਤੇ ਇਕ ਅਮਰੀਕੀ ਨਾਗਰਿਕ ਸੀ।
ਇਨ੍ਹਾਂ 'ਚੋਂ 55 ਸਾਲਾ ਭਾਰਤੀ ਪਰਬਤਾਰੋਹੀ ਅੰਜਲੀ ਕੁਲਕਰਣੀ ਸੀ। ਉਨ੍ਹਾਂ ਦੇ ਬੇਟੇ ਨੇ ਦੱਸਿਆ ਕਿ ਉਹ ਕੈਂਪ ਨੰਬਰ 4 'ਤੇ ਲੱਗੇ ਟ੍ਰੈਫਿਕ ਜਾਮ 'ਚ ਫਸ ਗਈ ਸੀ। ਜੋ ਕਿ 8 ਹਜ਼ਾਰ ਮੀਟਰ ਦੀ ਉਚਾਈ 'ਤੇ ਸਥਿਤ ਹੈ।

ਮੁਹਿੰਮ ਨਾਲ ਜੁੜੀ ਨੇਪਾਲੀ ਕੰਪਨੀ ਮੁਤਾਬਕ ਅੰਜਲੀ ਦੇ ਇਲਾਵਾ ਅਮਰੀਕੀ ਪਰਬਤਾਰੋਹੀ ਡੋਨਾਲਡ ਲਾਇਨ ਕੈਸ਼ ਦੀ ਵੀ ਬੁੱਧਵਾਰ ਨੂੰ ਮੌਤ ਹੋਈ ਸੀ। ਪਹਾੜ ਤੋਂ ਹੇਠਾਂ ਉੱਤਰਦੇ ਸਮੇਂ ਉਹ ਬੇਹੋਸ਼ ਹੋ ਗਏ ਸਨ। ਭਾਰਤੀ ਫੌਜ ਦੇ ਜਵਾਨ ਰਵੀ ਠਾਕੁਰ ਅਤੇ ਇਕ ਹੋਰ ਪਰਬਤਾਰੋਹੀ ਨਾਰਾਇਣ ਸਿੰਘ ਦੀ 16 ਮਈ ਨੂੰ ਕੈਂਪ 4 'ਚ ਮੌਤ ਹੋ ਗਈ ਸੀ। ਠੀਕ ਉਸੇ ਦਿਨ ਪਹਾੜ ਤੋਂ ਡਿਗਣ ਕਾਰਨ ਆਇਰਸ਼ ਪ੍ਰੋਫੈਸਰ ਸਿਆਮੁਸ ਲੌਲਾਸ ਦੀ ਮੌਤ ਹੋ ਗਈ। ਇੱਥੇ ਮਾਰਚ ਤੋਂ ਮਈ ਵਿਚਕਾਰ ਪਰਬਤਾਰੋਹੀਆਂ ਦੀ ਕਾਫੀ ਭੀੜ ਹੁੰਦੀ ਹੈ। ਨੇਪਾਲ ਦੇ ਸੈਲਾਨੀ ਵਿਭਾਗ ਦੇ ਨਿਰਦੇਸ਼ਕ ਮੀਰਾ ਆਚਾਰਯ ਨੇ ਦੱਸਿਆ ਕਿ ਇਸ ਸਾਲ 380 ਕੌਮਾਂਤਰੀ ਪਰਬਤਾਰੋਹੀਆਂ ਨੂੰ ਮਾਊਂਟ ਐਵਰੇਸਟ 'ਤੇ ਚੜ੍ਹਾਈ ਲਈ ਪਰਮਿਟ ਦਿੱਤੇ ਗਏ ਹਨ, ਜਿਨ੍ਹਾਂ 'ਚ 78 ਭਾਰਤੀ ਹਨ।


Related News