ਟਰੈਕਟਰ ਪਰੇਡ ਹਿੰਸਾ: ਜ਼ਖਮੀ ਪੁਲਸ ਮੁਲਾਜ਼ਮਾਂ ਨੂੰ ਅੱਜ ਮਿਲਣ ਜਾਣਗੇ ਅਮਿਤ ਸ਼ਾਹ

01/28/2021 11:42:31 AM

ਨਵੀਂ ਦਿੱਲੀ— ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀਰਵਾਰ ਯਾਨੀ ਕਿ ਅੱਜ ਦੋ ਹਸਪਤਾਲਾਂ ਦਾ ਦੌਰਾ ਕਰ ਕੇ ਗਣਤੰਤਰ ਦਿਵਸ ਦੇ ਦਿਨ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹਿੰਸਾ ’ਚ ਜ਼ਖਮੀ ਹੋਏ ਪੁਲਸ ਮੁਲਾਜ਼ਮਾਂ ਦਾ ਹਾਲ-ਚਾਲ ਜਾਣਗੇ। ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹਿੰਸਾ ਦੀਆਂ ਘਟਨਾਵਾਂ ’ਚ ਕਰੀਬ 400 ਪੁਲਸ ਮੁਲਾਜ਼ਮ ਜ਼ਖਮੀ ਹੋ ਗਏ। ਗ੍ਰਹਿ ਮੰਤਰਾਲਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਗ੍ਰਹਿ ਮੰਤਰੀ ਸੁਸ਼ੁਰਤ ਟਰਾਮਾ ਸੈਂਟਰ ਅਤੇ ਤੀਰਥ ਰਾਮ ਹਸਪਤਾਲ ਦਾ ਦੌਰਾ ਕਰ ਕੇ ਜ਼ਖਮੀ ਪੁਲਸ ਮੁਲਾਜ਼ਮਾਂ ਦੀ ਸਿਹਤ ਦੀ ਜਾਣਕਾਰੀ ਲੈਣਗੇ। ਦੋਵੇਂ ਹਸਪਤਾਲ ਸਿਵਲ ਲਾਈਨਜ਼ ’ਚ ਸਥਿਤ ਹਨ। 

ਓਧਰ ਪੁਲਸ ਦਾ ਕਹਿਣਾ ਹੈ ਕਿ ਟਰੈਕਟਰ ਪਰੇਡ ’ਚ ਹਿੰਸਾ ਦੌਰਾਨ ਕਿਸਾਨ ਆਗੂਆਂ ਦੀ ਭੂਮਿਕਾ ਦੀ ਜਾਂਚ ਕੀਤੀ ਜਾਵੇਗੀ। ਹਿੰਸਾ ਅਤੇ ਭੰਨ-ਤੋੜ ’ਚ ਦਿੱਲੀ ਪੁਲਸ ਦੇ 394 ਮੁਲਾਜ਼ਮ ਜ਼ਖਮੀ ਹੋਏ ਹਨ। ਦਿੱਲੀ ਪੁਲਸ ਦੇ ਪੁਲਸ ਕਮਿਸ਼ਨਰ ਐੱਸ. ਐੱਨ. ਸ਼੍ਰੀਵਾਸਤਵ ਨੇ ਬੁੱਧਵਾਰ ਨੂੰ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਕਿਸਾਨ ਜਥੇਬੰਦੀਆਂ ਨੇ ਟਰੈਕਟਰ ਪਰੇਡ ਲਈ ਤੈਅ ਸ਼ਰਤਾਂ ਦਾ ਪਾਲਣ ਨਹੀਂ ਕੀਤਾ। ਪਰੇਡ ਦੁਪਹਿਰ 12 ਵਜੇ ਤੋਂ ਸ਼ਾਮ 5 ਵਜੇ ਦਰਮਿਆਨ ਹੋਣੀ ਸੀ ਅਤੇ ਉਸ ’ਚ 5000 ਟਰੈਕਟਰਾਂ ਨੇ ਸ਼ਾਮਲ ਹੋਣਾ ਸੀ। ਦੱਸ ਦੇਈਏ ਕਿ ਗਣਤੰਤਰ ਦਿਵਸ ਦੇ ਦਿਨ ਕਿਸਾਨਾਂ ਦੀ ਟਰੈਕਟਰ ਪਰੇਡ ਦਾ ਟੀਚਾ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਅਤੇ ਫ਼ਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਦੀ ਕਾਨੂੰਨੀ ਗਰੰਟੀ ਦੀ ਮੰਗ ਕਰਨਾ ਸੀ। ਦੱਸ ਦੇਈਏ ਕਿ ਕਿਸਾਨ 26 ਨਵੰਬਰ ਤੋਂ ਹੀ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ’ਤੇ ਪ੍ਰਦਰਸ਼ਨ ਕਰ ਰਹੇ ਹਨ। 


Tanu

Content Editor

Related News