PM ਮੋਦੀ ਦਾ ਮਮਤਾ ਸਰਕਾਰ ''ਤੇ ਤਿੱਖਾ ਹਮਲਾ, ਕਿਹਾ- TMC ਦਾ ਮਤਲਬ ''ਤੂੰ, ਮੈਂ ਤੇ ਕਰਪਸ਼ਨ''

Saturday, Mar 02, 2024 - 05:09 PM (IST)

ਕ੍ਰਿਸ਼ਨਾਨਗਰ- ਪੱਛਮੀ ਬੰਗਾਲ 'ਚ ਸੱਤਾਧਾਰੀ ਪਾਰਟੀ ਤ੍ਰਿਣਮੂਲ ਕਾਂਗਰਸ (ਟੀ.ਐੱਮ.ਸੀ.) 'ਤੇ ਭ੍ਰਿਸ਼ਟਾਚਾਰ ਦਾ ਦੋਸ਼ ਲਗਾਉਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕਿਹਾ ਕਿ ਟੀ.ਐੱਮ.ਸੀ. ਦਾ ਮਤਲਬ ਹੈ- "ਤੂੰ, ਮੈਂ ਅਤੇ ਕਰਪਸ਼ਨ (ਭ੍ਰਿਸ਼ਟਾਚਾਰ)।" ਨਾਦੀਆ ਜ਼ਿਲ੍ਹੇ ਦੇ ਕ੍ਰਿਸ਼ਨਾਨਗਰ ਵਿੱਚ ਇੱਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ, ਮੋਦੀ ਨੇ ਪੱਛਮੀ ਬੰਗਾਲ ਦੀਆਂ ਸਾਰੀਆਂ 42 ਲੋਕ ਸਭਾ ਸੀਟਾਂ ਜਿੱਤਣ ਲਈ ਭਾਜਪਾ ਦੀ ਸੂਬਾ ਇਕਾਈ ਲਈ ਟੀਚਾ ਰੱਖਿਆ।

ਉਨ੍ਹਾਂ ਇੱਥੇ 'ਵਿਜੇ ਸੰਕਲਪ ਸਭਾ' 'ਚ ਆਪਣੇ ਸਮਰਥਕਾਂ ਦੀ ਭੀੜ ਨੂੰ ਸੰਬੋਧਨ ਕਰਦਿਆਂ ਕਿਹਾ, ''ਤੁਹਾਨੂੰ ਸਭ ਨੂੰ ਇੰਨੀ ਵੱਡੀ ਗਿਣਤੀ 'ਚ ਇੱਥੇ ਇਕੱਠੇ ਹੋਏ ਦੇਖ ਕੇ ਮੈਨੂੰ ਇਹ ਕਹਿਣ ਦਾ ਭਰੋਸਾ ਹੋ ਰਿਹਾ ਹੈ ਕਿ 'ਐੱਨ.ਡੀ.ਏ. (ਨੈਸ਼ਨਲ ਡੈਮੋਕਰੇਟਿਕ ਅਲਾਇੰਸ) ਸਰਕਾਰ 400, ਪਾਰ'।

ਪੀ.ਐੱਮ. ਮੋਦੀ ਨੇ ਕਿਹਾ ਕਿ ਟੀ.ਐੱਮ.ਸੀ. ਜ਼ੁਲਮ, ਵੰਸ਼ਵਾਦੀ ਰਾਜਨੀਤੀ ਅਤੇ ਵਿਸ਼ਵਾਸਘਾਤ ਦਾ ਸਮਾਨਾਰਥੀ ਹੈ। ਪੱਛਮੀ ਬੰਗਾਲ ਦੇ ਲੋਕ ਰਾਜ ਸਰਕਾਰ ਦੇ ਕੰਮ ਕਰਨ ਦੇ ਤਰੀਕੇ ਤੋਂ ਨਿਰਾਸ਼ ਹਨ। ਸੰਦੇਸ਼ਖਾਲੀ ਦੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ, ਉਨ੍ਹਾਂ ਦੋਸ਼ ਲਾਇਆ ਕਿ 'ਦੁਖੀਆਂ ਹੋਈਆਂ ਮਾਵਾਂ-ਭੈਣਾਂ' ਦਾ ਸਾਥ ਦੇਣ ਦੀ ਬਜਾਏ ਸੂਬਾ ਸਰਕਾਰ ਨੇ ਦੋਸ਼ੀਆਂ ਦਾ ਸਾਥ ਦਿੱਤਾ। ਸੰਦੇਸ਼ਖਾਲੀ 'ਚ ਔਰਤਾਂ ਨੇ ਤ੍ਰਿਣਮੂਲ ਦੇ ਕੁਝ ਨੇਤਾਵਾਂ 'ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਏ ਹਨ।

ਉਨ੍ਹਾਂ ਕਿਹਾ ਕਿ ਮਾਵਾਂ-ਭੈਣਾਂ ਇਨਸਾਫ਼ ਦੀ ਗੁਹਾਰ ਲਾਉਂਦੀਆਂ ਰਹੀਆਂ ਪਰ ਟੀ.ਐੱਮ.ਸੀ. ਸਰਕਾਰ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ। ਉਨ੍ਹਾਂ ਨੇ 'ਮਾਂ ਮਾਟੀ ਮਾਨੁਸ਼' ਦੇ ਨਾਂ 'ਤੇ ਵੋਟਾਂ ਲਈਆਂ ਪਰ ਹੁਣ ਪੱਛਮੀ ਬੰਗਾਲ ਦੀਆਂ ਮਾਵਾਂ-ਭੈਣਾਂ ਰੋ ਰਹੀਆਂ ਹਨ। ਸੂਬੇ ਦੇ ਹਾਲਾਤ ਅਜਿਹੇ ਹਨ ਕਿ ਅਪਰਾਧੀ ਤੈਅ ਕਰਦੇ ਹਨ ਕਿ ਕਦੋਂ ਗ੍ਰਿਫਤਾਰ ਹੋਣਾ ਹੈ।


Rakesh

Content Editor

Related News