ਰਾਜਸਥਾਨ : ਸੈਪਟਿਕ ਟੈਂਕ ਦੀ ਸਫ਼ਾਈ ਦੌਰਾਨ ਜ਼ਹਿਰੀਲੀ ਗੈਸ ਨਾਲ ਤਿੰਨ ਨੌਜਵਾਨਾਂ ਦੀ ਮੌਤ
Saturday, May 06, 2023 - 10:40 AM (IST)
ਜੈਪੁਰ (ਭਾਸ਼ਾ)- ਰਾਜਸਥਾਨ ਦੇ ਪਾਲੀ ਸ਼ਹਿਰ 'ਚ ਇਕ ਸੀਵਰ ਟੈਂਕ ਦੀ ਸਫ਼ਾਈ ਕਰਨ ਗਏ ਨੌਜਵਾਨਾਂ ਦੀ ਜ਼ਹਿਰੀਲੀ ਗੈਸ ਦੀ ਲਪੇਟ 'ਚ ਆਉਣ ਕਾਰਨ ਮੌਤ ਹੋ ਗਈ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਵਿਸ਼ਾਲ ਵਾਲਮੀਕਿ (28), ਕਰਨ ਵਾਲਮੀਕਿ (22) ਅਤੇ ਭਰਤ ਵਾਲਮੀਕਿ (20) ਵਜੋਂ ਹੋਈ ਹੈ।
ਕੋਤਵਾਲੀ ਦੇ ਥਾਣਾ ਇੰਚਾਰਜ (ਐੱਸ.ਐੱਚ.ਓ.) ਰਵਿੰਦਰ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਇਕ ਮੈਰਿਜ ਗਾਰਡਨ ਦੇ ਸੀਵਰ ਟੈਂਕ ਦੀ ਸਫ਼ਾਈ ਲਈ ਇਹ ਤਿੰਨੋਂ ਨੌਜਵਾਨ ਟੈਂਕ ਦੇ ਅੰਦਰ ਗਏ ਸਨ ਪਰ ਜ਼ਹਿਰੀਲੀ ਗੈਸ ਦੀ ਲਪੇਟ 'ਚ ਆਉਣ ਨਾਲ ਉਹ ਬੇਹੋਸ਼ ਹੋ ਗਏ। ਉਨ੍ਹਾਂ ਦੱਸਿਆ ਕਿ ਬਾਹਰ ਮੌਜੂਦ ਚੌਥਾ ਵਿਅਕਤੀ ਵੀ ਆਪਣੇ ਸਾਥੀਆਂ ਨੂੰ ਬਚਾਉਣ ਲਈ ਟੈਂਕ ਦੇ ਅੰਦਰ ਗਿਆ ਪਰ ਦਮ ਘੁੱਟਣ ਕਾਰਨ ਉਹ ਤੁਰੰਤ ਬਾਹਰ ਨਿਕਲ ਆਇਆ। ਥਾਣਾ ਇੰਚਾਰਜ ਅਨੁਸਾਰ ਨੌਜਵਾਨਾਂ ਨੂੰ ਕਿਸੇ ਤਰ੍ਹਾਂ ਬਾਹਰ ਕੱਢਿਆ ਗਿਆ ਅਤੇ ਜ਼ਿਲ੍ਹਾ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ।