ਮੀਂਹ ਕਾਰਨ ਢਹਿ ਗਈ ਫੈਕਟਰੀ ਦੀ ਕੰਧ, ਤਿੰਨ ਮਜ਼ਦੂਰਾਂ ਦੀ ਮੌਤ

Monday, Aug 05, 2024 - 12:47 PM (IST)

ਜੈਪੁਰ (ਵਾਰਤਾ)- ਰਾਜਸਥਾਨ 'ਚ ਜੋਧਪੁਰ ਜ਼ਿਲ੍ਹੇ ਦੇ ਬੋਰਾਨਾਡਾ ਖੇਤਰ 'ਚ ਸੋਮਵਾਰ ਨੂੰ ਇਕ ਫੈਕਟਰੀ ਦੀ ਕੰਧ ਢਹਿਣ ਨਾਲ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 8 ਹੋਰ ਮਜ਼ਦੂਰ ਜ਼ਖ਼ਮੀ ਹੋ ਗਏ। ਪੁਲਸ ਨੇ ਦੱਸਿਆ ਕਿ ਖੇਤਰ 'ਚ ਐਤਵਾਰ ਸ਼ਾਮ ਤੋਂ ਹੀ ਪੈ ਰਹੇ ਤੇਜ਼ ਮੀਂਹ ਕਾਰਨ ਬੋਰਾਨਾਡਾ ਸਥਿਤ ਨਿਊ ਮਹਾਲਕਸ਼ਮੀ ਫੈਕਟਰੀ 'ਚ ਪਾਣੀ ਭਰ ਗਿਆ ਸੀ। ਸੋਮਵਾਰ ਤੜਕੇ ਕਰੀਬ 4 ਵਜੇ ਫੈਕਟਰੀ ਦੀ ਕੰਧ ਢਹਿ ਕੇ ਉੱਥੇ ਟੀਨ ਸ਼ੈੱਡ 'ਤੇ ਡਿੱਗ ਗਈ।

ਮ੍ਰਿਤਕਾਂ 'ਚ 2 ਔਰਤਾਂ ਅਤੇ ਇਕ ਪੁਰਸ਼ ਸ਼ਾਮਲ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਨਗਰ ਨਿਗਮ ਦੀ ਆਫ਼ਤ ਟੀਮ ਨੇ ਮੌਕੇ 'ਤੇ ਪਹੁੰਚ ਕੇ ਰੈਸਕਿਊ ਆਪਰੇਸ਼ਨ ਕੀਤਾ। ਮਲਬੇ 'ਚ ਦਬੇ ਮਜ਼ਦੂਰਾਂ ਨੂੰ ਬਾਹਰ ਕੱਢਿਆ। ਸਾਰੇ ਜ਼ਖ਼ਮੀਆਂ ਨੂੰ ਜੋਧਪੁਰ ਦੇ ਐੱਸ.ਡੀ.ਐੱਮ. ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਜ਼ਖ਼ਮੀਆਂ 'ਚ 2 ਤੋਂ 3 ਲੋਕਾਂ ਦੀ ਹਾਲਤ ਗੰਭੀਰ ਦੱਸੀ ਗਈ ਹੈ। ਮ੍ਰਿਤਕਾਂ ਦੀ ਪਛਾਣ ਪ੍ਰਤਾਪਗੜ੍ਹ ਜ਼ਿਲ੍ਹੇ ਦੇ ਵਾਸੀ ਨੰਦੂ ਮੀਣਾ (45), ਸੁਨੀਤਾ (32) ਅਤੇ ਮੰਜੂ (35) ਵਜੋਂ ਹੋਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8     


DIsha

Content Editor

Related News