ਜੰਮੂ-ਕਸ਼ਮੀਰ: LoC ਨੇੜੇ ਵਾਪਰਿਆ ਵੱਡਾ ਹਾਦਸਾ, ਡੂੰਘੀ ਖੱਡ 'ਚ ਡਿੱਗਣ ਕਾਰਨ 3 ਜਵਾਨ ਸ਼ਹੀਦ

01/11/2023 12:50:01 PM

ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿਚ ਕੰਟਰੋਲ ਰੇਖਾ (ਐਲ. ਓ. ਸੀ.) ਨੇੜੇ ਗਸ਼ਤ ਦੌਰਾਨ ਡੂੰਘੀ ਖੱਡ 'ਚ ਡਿੱਗਣ ਕਾਰਨ ਇਕ ਜੂਨੀਅਰ ਕਮਿਸ਼ਨਡ ਅਧਿਕਾਰੀ (ਜੇ. ਸੀ. ਓ.) ਸਮੇਤ 3 ਫ਼ੌਜੀ ਸ਼ਹੀਦ ਹੋ ਗਏ। ਫ਼ੌਜ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਫ਼ੌਜ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜੇ. ਸੀ. ਓ. ਅਤੇ ਦੋ ਹੋਰ ਜਵਾਨ ਮਾਛਿਲ ਸੈਕਟਰ ਵਿਚ ਨਿਯਮਿਤ ਗਸ਼ਤ 'ਤੇ ਸਨ, ਤਾਂ ਤਿੰਨੋਂ ਫਿਸਲ ਕੇ ਡੂੰਘੀ ਖੱਡ ਵਿਚ ਡਿੱਗ ਗਏ। ਸ਼੍ਰੀਨਗਰ ਸਥਿਤ ਚਿਨਾਰ ਕੋਰ ਨੇ ਟਵੀਟ ਕੀਤਾ ਕਿ ਖੇਤਰ ਵਿਚ ਨਿਯਮਿਤ ਗਸ਼ਤ ਮੁਹਿੰਮ ਦੌਰਾਨ ਇਕ ਜੇ. ਸੀ. ਓ. ਅਤੇ ਦੋ ਹੋਰ ਜਵਾਨ ਬਰਫ਼ ਵਿਚ ਫਿਸਲ ਕੇ ਡੂੰਘੀ ਖੱਡ ਵਿਚ ਡਿੱਗ ਗਏ। ਤਿੰਨੋਂ ਬਹਾਦਰਾਂ ਦੀਆਂ ਮ੍ਰਿਤਕ ਦੇਹਾਂ ਬਰਾਮਦ ਕਰ ਲਈਆਂ ਗਈਆਂ ਹਨ।

ਇਹ ਵੀ ਪੜ੍ਹੋ- ਬਰਫ਼ ਦੀ ਸਫ਼ੈਦ ਚਾਦਰ ਨਾਲ ਢਕਿਆ J&K, ਤਸਵੀਰਾਂ 'ਚ ਵੇਖੋ ਕਸ਼ਮੀਰ ਦੀਆਂ ਵਾਦੀਆਂ ਦਾ ਨਜ਼ਾਰਾ

ਸ਼ਹੀਦ ਹੋਏ ਤਿੰਨਾਂ ਜਵਾਨਾਂ ਦੀ ਪਛਾਣ ਨਾਇਬ ਸੂਬੇਦਾਰ ਪੁਰਸ਼ੋਤਮ ਕੁਮਾਰ (43), ਹੌਲਦਾਰ ਅਮਰੀਕ ਸਿੰਘ (39) ਅਤੇ ਜਵਾਨ ਅਮਿਤ ਸ਼ਰਮਾ (23) ਵਜੋਂ ਹੋਈ ਹੈ। ਪੁਰਸ਼ੋਤਮ ਜੰਮੂ-ਕਸ਼ਮੀਰ ਦੇ ਮਜੂਆ ਉੱਤਮੀ, ਬਿਸ਼ਨਾਹ ਦੇ ਵਸਨੀਕ ਸਨ। ਉਹ 1996 'ਚ ਫੌਜ 'ਚ ਭਰਤੀ ਹੋਏ ਸਨ। ਉਹ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਏ ਹਨ। 

ਹੌਲਦਾਰ 2001 'ਚ ਫੌਜ 'ਚ ਭਰਤੀ ਹੋਏ ਸਨ। ਉਹ ਹਿਮਾਚਲ ਪ੍ਰਦੇਸ਼ ਦੇ ਪਿੰਡ ਮੰਡਵਾਰਾ, ਊਨਾ ਦੇ ਰਹਿਣ ਵਾਲੇ ਸਨ। ਉਹ ਆਪਣੇ ਪਿੱਛੇ ਪਤਨੀ ਅਤੇ ਇਕ ਪੁੱਤਰ ਛੱਡ ਗਏ ਹਨ। ਅਮਿਤ ਸ਼ਰਮਾ 2019 'ਚ ਫੌਜ 'ਚ ਭਰਤੀ ਹੋਏ ਸਨ। ਉਹ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਦੇ ਪਿੰਡ ਤਲਸੀ ਖੁਰਦ ਦੇ ਰਹਿਣ ਵਾਲੇ ਸਨ। 

ਫੌਜ ਨੇ ਇਕ ਬਿਆਨ ਵਿਚ ਕਿਹਾ ਕਿ ਤਿੰਨਾਂ ਬਹਾਦਰਾਂ ਦੇ ਮ੍ਰਿਤਕ ਸਰੀਰਾਂ ਨੂੰ ਅੰਤਿਮ ਸੰਸਕਾਰ ਲਈ ਉਨ੍ਹਾਂ ਦੇ ਜੱਦੀ ਸਥਾਨਾਂ 'ਤੇ ਲਿਜਾਇਆ ਜਾਵੇਗਾ, ਜਿੱਥੇ ਉਨ੍ਹਾਂ ਦਾ ਪੂਰੇ ਫੌਜੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ। ਪਿਛਲੇ ਦੋ ਮਹੀਨਿਆਂ 'ਚ ਮਾਛਿਲ ਸੈਕਟਰ 'ਚ ਇਹ ਦੂਜਾ ਹਾਦਸਾ ਹੈ। ਪਿਛਲੇ ਸਾਲ ਨਵੰਬਰ 'ਚ ਮਾਛਿਲ 'ਚ ਇਕ ਗਸ਼ਤੀ ਦਲ 'ਤੇ ਬਰਫ ਖਿਸਕ ਗਈ ਸੀ, ਜਿਸ 'ਚ ਫੌਜ ਦੇ ਤਿੰਨ ਜਵਾਨ ਮਾਰੇ ਗਏ ਸਨ।

ਇਹ ਵੀ ਪੜ੍ਹੋ- ਫ਼ਰਿਸ਼ਤਾ ਬਣੀ ਭਾਰਤੀ ਫ਼ੌਜ, ਬਰਫ਼ੀਲੇ ਰਸਤਿਓਂ ਗਰਭਵਤੀ ਔਰਤ ਨੂੰ ਮੋਢਿਆਂ 'ਤੇ ਚੁੱਕੇ ਕੇ ਪਹੁੰਚਾਇਆ ਹਸਪਤਾਲ

 

 


Tanu

Content Editor

Related News