ਮਾਂ ਦੀ ਮੌਤ ਦੇ ਗ਼ਮ ਨੇ ਧੁਰ ਅੰਦਰ ਤੱਕ ਝੰਜੋੜਿਆ, 10 ਸਾਲਾਂ ਤੱਕ ਕਮਰੇ ’ਚ ਬੰਦ ਰਹੇ ਭੈਣ-ਭਰਾ
Monday, Dec 28, 2020 - 04:51 PM (IST)
ਅਹਿਮਦਾਬਾਦ (ਭਾਸ਼ਾ)— ਗੁਜਰਾਤ ਦੇ ਰਾਜਕੋਟ ’ਚ ਤਿੰਨ ਭੈਣ-ਭਰਾਵਾਂ ਵਲੋਂ ਖ਼ੁਦ ਨੂੰ ਤਕਰੀਬਨ 10 ਸਾਲ ਤੱਕ ਕਮਰੇ ’ਚ ਬੰਦ ਰੱਖਣ ਦਾ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਕ ਗੈਰ-ਸਰਕਾਰੀ ਸੰਸਥਾ (ਐੱਨ. ਜੀ. ਓ.) ਨੇ ਤਿੰਨਾਂ ਨੂੰ ਉਨ੍ਹਾਂ ਦੇ ਪਿਤਾ ਦੀ ਮਦਦ ਨਾਲ ਬਚਾਅ ਲਿਆ ਹੈ। ਤਿੰਨਾਂ ਦੀ ਉਮਰ 30 ਤੋਂ 42 ਸਾਲ ਦਰਮਿਆਨ ਹੈ। ਬੇਘਰਾਂ ਦੇ ਕਲਿਆਣ ਲਈ ਕੰਮ ਕਰਨ ਵਾਲੀ ਐੱਨ. ਜੀ. ਓ. ‘ਸਾਥੀ ਸੇਵਾ ਗਰੁੱਪ’ ਦੀ ਅਧਿਕਾਰੀ ਜਾਲਪਾ ਪਟੇਲ ਨੇ ਦੱਸਿਆ ਕਿ ਜਦੋਂ ਬੀਤੀ ਸ਼ਾਮ ਸੰਸਥਾ ਦੇ ਮੈਂਬਰਾਂ ਨੇ ਕਮਰੇ ਦਾ ਦਰਵਾਜ਼ਾ ਤੋੜਿਆ ਤਾਂ ਵੇਖਿਆ ਕਿ ਉਸ ’ਚ ਬਿਲਕੁਲ ਰੌਸ਼ਨੀ ਨਹੀਂ ਸੀ ਅਤੇ ਉਸ ’ਚੋਂ ਬਾਸੀ ਖਾਣੇ ਅਤੇ ਮਨੁੱਖੀ ਪਖਾਨੇ ਦੀ ਬਦਬੂ ਆ ਰਹੀ ਸੀ। ਕਮਰੇ ਵਿਚ ਚਾਰੋਂ ਪਾਸੇ ਅਖ਼ਬਾਰਾਂ ਬਿਖਰੀਆਂ ਪਈਆਂ ਸਨ।
10 ਸਾਲ ਪਹਿਲਾਂ ਖ਼ੁਦ ਨੂੰ ਤਿੰਨਾਂ ਨੇ ਕਮਰੇ ’ਚ ਕੀਤਾ ਕੈਦ—
ਸੰਸਥਾ ਦੇ ਅਧਿਕਾਰੀ ਪਟੇਲ ਨੇ ਕਿਹਾ ਕਿ ਦੋਹਾਂ ਭਰਾਵਾਂ- ਅਮਰੀਸ਼, ਭਾਵੇਸ਼ ਅਤੇ ਉਨ੍ਹਾਂ ਦੀ ਭੈਣ ਮੇਘਨਾ ਨੇ ਕਰੀਬ 10 ਸਾਲ ਪਹਿਲਾਂ ਖ਼ੁਦ ਨੂੰ ਕਮਰੇ ’ਚ ਬੰਦ ਕਰ ਲਿਆ ਸੀ। ਉਨ੍ਹਾਂ ਦੇ ਪਿਤਾ ਨੇ ਇਹ ਜਾਣਕਾਰੀ ਦਿੱਤੀ। ਤਿੰਨਾਂ ਦੀ ਹਾਲਤ ਬਹੁਤ ਖ਼ਰਾਬ ਸੀ ਅਤੇ ਉਨ੍ਹਾਂ ਦੇ ਵਾਲ ਤੇ ਦਾੜ੍ਹੀ ਕਿਸੇ ਭੀਖ ਮੰਗਣ ਵਾਲੇ ਵਾਂਗ ਵਧੇ ਹੋਏ ਸਨ। ਉਹ ਇੰਨੇ ਕਮਜ਼ੋਰ ਸਨ ਕਿ ਸਹੀ ਢੰਗ ਨਾਲ ਖ਼ੜ੍ਹੇ ਵੀ ਹੋ ਸਕਦੇ ਸਨ।
ਮਾਂ ਦੀ ਮੌਤ ਦਾ ਗ਼ਮ ਨਾ ਕਰ ਸਕੇ ਬਰਦਾਸ਼ਤ—
ਪਟੇਲ ਮੁਤਾਬਕ ਬੱਚਿਆਂ ਦੇ ਪਿਤਾ ਨੇ ਦੱਸਿਆ ਕਿ ਕਰੀਬ 10 ਸਾਲ ਪਹਿਲਾਂ ਮਾਂ ਦਾ ਦਿਹਾਂਤ ਹੋਣ ਤੋਂ ਬਾਅਦ ਉਹ ਇਸ ਹਾਲਤ ਵਿਚ ਰਹਿ ਰਹੇ ਹਨ। ਪਿਤਾ ਮੁਤਾਬਕ ਉਨ੍ਹਾਂ ਦੀ ਪਤਨੀ ਦੀ ਮੌਤ ਹੋ ਗਈ, ਜਿਸ ਨੇ ਮੇਰੇ ਬੱਚਿਆਂ ਨੂੰ ਅੰਦਰ ਤੱਕ ਤੋੜ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ-ਆਪ ਨੂੰ ਕਮਰੇ ’ਚ ਬੰਦ ਕਰ ਲਿਆ। ਉਨ੍ਹਾਂ ਦੱਸਿਆ ਕਿ ਉਹ ਰੋਜ਼ ਕਮਰੇ ਦੇ ਬਾਹਰ ਰੋਟੀ ਰੱਖ ਦਿੰਦੇ ਸਨ। ਪਿਤਾ ਨੇ ਕਿਹਾ ਕਿ ਲੋਕਾਂ ਦਾ ਕਹਿਣਾ ਹੈ ਕਿ ਕੁਝ ਰਿਸ਼ਤੇਦਾਰਾਂ ਨੇ ਉਨ੍ਹਾਂ ’ਤੇ ਕਾਲਾ ਜਾਦੂ ਕਰ ਦਿੱਤਾ ਹੈ। ਇਸ ਮਾਮਲੇ ’ਚ ਪੁਲਸ ’ਚ ਅਜੇ ਤੱਕ ਕੋਈ ਸ਼ਿਕਾਇਤ ਨਹੀਂ ਦਿੱਤੀ ਗਈ ਹੈ। ਐੱਨ. ਜੀ. ਓ. ਦੇ ਮੈਂਬਰਾਂ ਨੇ ਤਿੰਨਾਂ ਨੂੰ ਬਾਹਰ ਕੱਢਿਆ, ਉਨ੍ਹਾਂ ਨੂੰ ਸਾਫ਼-ਸੁਥਰਾ ਬਣਾਇਆ ਅਤੇ ਉਨ੍ਹਾਂ ਦੇ ਵਾਲ ਕੱਟੇ। ਪਟੇਲ ਨੇ ਦੱਸਿਆ ਕਿ ਐੱਨ. ਜੀ. ਓ. ਤਿੰਨਾਂ ਨੂੰ ਅਜਿਹੀ ਥਾਂ ’ਤੇ ਭੇਜਣ ਦੀ ਯੋਜਨਾ ਬਣਾ ਰਹੀ ਹੈ, ਜਿੱਥੇ ਉਨ੍ਹਾਂ ਨੂੰ ਬਿਹਤਰ ਭੋਜਨ ਅਤੇ ਇਲਾਜ ਮਿਲ ਸਕੇ। ਉਨ੍ਹਾਂ ਦੇ ਪਿਤਾ ਇਕ ਸੇਵਾਮੁਕਤ ਸਰਕਾਰੀ ਕਾਮੇ ਹਨ।
ਤਿੰਨੋਂ ਬੱਚੇ ਨੇ ਪੜ੍ਹੇ-ਲਿਖੇ—
ਕਮਰੇ ’ਚ ਖ਼ੁਦ ਨੂੰ 10 ਸਾਲਾਂ ਤੱਕ ਕੈਦ ਰੱਖਣ ਵਾਲੇ ਤਿੰਨੋਂ ਬੱਚੇ ਪੜ੍ਹੇ-ਲਿਖੇ ਹਨ। ਪਿਤਾ ਨੇ ਦੱਸਿਆ ਕਿ ਮੇਰਾ ਵੱਡਾ ਪੁੱਤਰ ਅਮਰੀਸ਼ 42 ਸਾਲ ਦਾ ਹੈ। ਉਸ ਕੋਲ ਬੀ. ਏ, ਐੱਲ. ਐੱਲ. ਬੀ. ਦੀ ਡਿਗਰੀ ਹੈ ਅਤੇ ਉਹ ਵਕਾਲਤ ਕਰ ਰਿਹਾ ਸੀ। ਮੇਰੀ ਛੋਟੀ ਧੀ ਮੇਘਨਾ 39 ਸਾਲ ਦੀ ਹੈ, ਉਸ ਨੇ ਮਨੋਵਿਗਿਆਨ ’ਚ ਪੋਸਟ ਗਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ ਹੈ। ਮੇਰੇ ਸਭ ਤੋਂ ਛੋਟੇ ਪੁੱਤਰ ਨੇ ਅਰਥਸ਼ਾਸਤਰ ’ਚ ਗਰੈਜੂਏਸ਼ਨ ਕੀਤੀ ਹੈ ਅਤੇ ਉਹ ਇਕ ਚੰਗਾ ਕ੍ਰਿਕਟਰ ਸੀ।