ਦਿਹੁਲੀ ਕਤਲੇਆਮ : 44 ਸਾਲਾਂ ਬਾਅਦ 3 ਨੂੰ ਮੌਤ ਦੀ ਸਜ਼ਾ, ਫੈਸਲਾ ਸੁਣ ਕੇ ਰੋਣ ਲੱਗੇ ਦੋਸ਼ੀ

Tuesday, Mar 18, 2025 - 09:03 PM (IST)

ਦਿਹੁਲੀ ਕਤਲੇਆਮ : 44 ਸਾਲਾਂ ਬਾਅਦ 3 ਨੂੰ ਮੌਤ ਦੀ ਸਜ਼ਾ, ਫੈਸਲਾ ਸੁਣ ਕੇ ਰੋਣ ਲੱਗੇ ਦੋਸ਼ੀ

ਫਿਰੋਜ਼ਾਬਾਦ- 18 ਨਵੰਬਰ, 1981 ਨੂੰ ਫਿਰੋਜ਼ਾਬਾਦ ਦੇ ਦਿਹੁਲੀ ਪਿੰਡ ’ਚ 24 ਦਲਿਤਾਂ ਦੀ ਸਮੂਹਿਕ ਕਤਲ ਨੂੰ ਲੈ ਕੇ ਤਿੰਨ ਦੋਸ਼ੀਆਂ ਕਪਤਾਨ ਸਿੰਘ, ਰਾਮਸੇਵਕ ਤੇ ਰਾਮਪਾਲ ਨੂੰ ਮੰਗਲਵਾਰ ਦੁਪਹਿਰ 3:30 ਵਜੇ ਐਡੀਸ਼ਨਲ ਸੈਸ਼ਨ ਜੱਜ ਇੰਦਰਾ ਸਿੰਘ ਨੇ ਮੌਤ ਦੀ ਸਜ਼ਾ ਸੁਣਾਈ।

ਇਸ ਦੇ ਨਾਲ ਹੀ 2 ਦੋਸ਼ੀਆਂ ਨੂੰ 2-2 ਲੱਖ ਰੁਪਏ ਤੇ ਇਕ ਨੂੰ 1 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ। ਫੈਸਲੇ ਤੋਂ ਬਾਅਦ ਤਿੰਨਾਂ ਦੋਸ਼ੀਆਂ ਨੂੰ ਪੁਲਸ ਹਿਰਾਸਤ ’ਚ ਜੇਲ ਭੇਜ ਦਿੱਤਾ ਗਿਆ।

ਇਸ ਤੋਂ ਪਹਿਲਾਂ 11 ਮਾਰਚ ਨੂੰ ਮੈਨਪੁਰੀ ਅਦਾਲਤ ਦੇ ਵਿਸ਼ੇਸ਼ ਜੱਜ ਨੇ ਤਿੰਨਾਂ ਨੂੰ ਕਤਲ ਦਾ ਦੋਸ਼ੀ ਠਹਿਰਾਇਆ ਸੀ। ਜੱਜ ਨੇ ਆਪਣੇ ਹੁਕਮ ’ਚ ਲਿਖਿਆ ਕਿ ਕਾਤਲਾਂ ਨੂੰ ਉਦੋਂ ਤੱਕ ਫਾਂਸੀ ’ਤੇ ਲਟਕਾਇਆ ਜਾਵੇ ਜਦੋਂ ਤੱਕ ਉਨ੍ਹਾਂ ਦੀ ਮੌਤ ਨਹੀਂ ਹੋ ਜਾਂਦੀ।

ਤਿੰਨਾਂ ਦੋਸ਼ੀਆਂ ਦੀ ਉਮਰ ਇਸ ਸਮੇਂ 75 ਤੋਂ 80 ਸਾਲ ਦੇ ਦਰਮਿਆਨ ਹੈ। ਇਸ ਮਾਮਲੇ ’ਚ ਕੁੱਲ 20 ਮੁਲਜ਼ਮਾਂ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ ਗਈ ਸੀ। ਇਨ੍ਹਾਂ ’ਚੋਂ 13 ਦੀ ਮੌਤ ਹੋ ਚੁੱਕੀ ਹੈ। ਅਦਾਲਤ ਨੇ 4 ਫਰਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵਾਰੰਟ ਜਾਰੀ ਕੀਤੇ ਹਨ।

ਮਾਮਲੇ ਦੀ ਪੈਰਵੀ ਏ. ਡੀ. ਜੀ. ਸੀ. ਰੋਹਿਤ ਸ਼ੁਕਲਾ ਨੇ ਕੀਤੀ। ਸਜ਼ਾ ਸੁਣਦਿਆਂ ਹੀ ਤਿੰਨਾਂ ਦੋਸ਼ੀਆਂ ਦੇ ਚਿਹਰਿਆਂ ’ਤੇ ਉਦਾਸੀ ਛਾ ਗਈ ਤੇ ਉਹ ਰੋਣ ਲੱਗ ਪਏ। ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਅਦਾਲਤ ਦੇ ਬਾਹਰ ਮੌਜੂਦ ਸਨ। ਉਹ ਵੀ ਰੋਣ ਲੱਗ ਪਏ।

30 ਦਿਨਾਂ ਅੰਦਰ ਹਾਈ ਕੋਰਟ ’ਚ ਕਰ ਸਕਦੇ ਹਨ ਅਪੀਲ

ਕਪਤਾਨ ਸਿੰਘ, ਰਾਮਸੇਵਕ ਤੇ ਰਾਮਪਾਲ ਜਿਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ, ਆਪਣੇ ਕਾਨੂੰਨੀ ਅਧਿਕਾਰਾਂ ਦੀ ਵਰਤੋਂ ਕਰਦਿਆਂ 30 ਦਿਨਾਂ ਅੰਦਰ ਹਾਈ ਕੋਰਟ ’ਚ ਮੌਤ ਦੀ ਸਜ਼ਾ ਵਿਰੁੱਧ ਅਪੀਲ ਕਰ ਸਕਦੇ ਹਨ।

ਸੈਸ਼ਨ ਕੋਰਟ ਦੇ ਫੈਸਲੇ ਦੀ ਸਮੀਖਿਆ ਕਰਨ ਤੋਂ ਬਾਅਦ ਹਾਈ ਕੋਰਟ ਆਪਣਾ ਫੈਸਲਾ ਲੈ ਸਕਦੀ ਹੈ। ਉਹ ਜਾਂ ਤਾਂ ਮੌਤ ਦੀ ਸਜ਼ਾ ਨੂੰ ਬਰਕਰਾਰ ਰੱਖ ਸਕਦੀ ਹੈ ਜਾਂ ਉਸ ’ਚ ਸੋਧ ਕਰ ਸਕਦੀ ਹੈ।


author

Rakesh

Content Editor

Related News