ਜੰਮੂ-ਕਸ਼ਮੀਰ ''ਚ ਫਟਿਆ ਬੱਦਲ, ਇਕੋ ਪਰਿਵਾਰ ਦੇ ਤਿੰਨ ਲੋਕ ਲਾਪਤਾ
Monday, Aug 26, 2024 - 09:46 PM (IST)
ਰਾਮਬਨ/ਜੰਮੂ : ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਦੇ ਇਕ ਦੂਰ-ਦੁਰਾਡੇ ਇਲਾਕੇ ਵਿਚ ਸੋਮਵਾਰ ਨੂੰ ਬੱਦਲ ਫਟਣ ਨਾਲ ਇਕ ਔਰਤ ਅਤੇ ਉਸ ਦੇ ਦੋ ਬੱਚੇ ਲਾਪਤਾ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਰਾਮਬਨ ਦੇ ਡਿਪਟੀ ਕਮਿਸ਼ਨਰ ਬਸੀਰ-ਉਲ-ਹੱਕ ਚੌਧਰੀ ਨੇ ਕਿਹਾ ਕਿ ਬੱਦਲ ਫਟਣ ਦੀ ਘਟਨਾ ਕੁਮਤੇ, ਧਰਾਮਨ ਅਤੇ ਹੱਲਾ ਪੰਚਾਇਤਾਂ ਵਿੱਚ ਵਾਪਰੀ ਹੈ ਅਤੇ ਬਚਾਅ ਟੀਮਾਂ ਮੌਕੇ 'ਤੇ ਹਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਸਾਰੇ ਉਪਲਬਧ ਸਾਧਨ ਜੁਟਾ ਰਿਹਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਦੁਪਹਿਰ ਕਰੀਬ 2.30 ਵਜੇ ਬੱਦਲ ਫਟਣ ਕਾਰਨ ਟੈਂਗਰ ਅਤੇ ਦਾਦੀ ਨਦੀਆਂ 'ਚ ਹੜ੍ਹ ਆ ਗਿਆ। ਜ਼ਿਲ੍ਹਾ ਵਿਕਾਸ ਪ੍ਰੀਸ਼ਦ ਦੇ ਮੈਂਬਰ ਮੁਹੰਮਦ ਸ਼ਫੀ ਜ਼ਰਗਰ ਨੇ ਦੱਸਿਆ ਕਿ ਨਸੀਮਾ ਬੇਗਮ (42), ਉਸ ਦਾ ਪੁੱਤਰ ਯਾਸਿਰ ਅਹਿਮਦ (16) ਅਤੇ ਛੇ ਸਾਲਾ ਬੇਟੀ ਘਰੋਂ ਲਾਪਤਾ ਹੋ ਗਏ ਹਨ। ਰਾਜਗੜ੍ਹ ਤਹਿਸੀਲ ਦੇ ਕੁਮੈਤ ਹਾਲ ਵਿੱਚ ਆਏ ਹੜ੍ਹ ਵਿੱਚ ਉਸ ਦਾ ਘਰ ਨੁਕਸਾਨਿਆ ਗਿਆ। ਉਨ੍ਹਾਂ ਦੱਸਿਆ ਕਿ ਲਾਪਤਾ ਲੋਕਾਂ ਦੀ ਭਾਲ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਜ਼ਰਗਰ ਨੇ ਕਿਹਾ ਕਿ ਗਾਡਗ੍ਰਾਮ ਅਤੇ ਸੋਨਸੁਆ ਵਿੱਚ ਘੱਟੋ-ਘੱਟ ਦੋ ਸਰਕਾਰੀ ਸੈਕੰਡਰੀ ਸਕੂਲ ਅਤੇ ਕੁਝ ਹੋਰ ਢਾਂਚੇ ਨੂੰ ਵੀ ਨੁਕਸਾਨ ਪਹੁੰਚਿਆ ਹੈ, ਜਦੋਂ ਕਿ ਤਿੰਨ ਨਿੱਜੀ ਵਾਹਨ ਵਹਿ ਗਏ ਹਨ।