ਗੁਰਪਤਵੰਤ ਪਨੂੰ ਵੱਲੋਂ CM ਜੈਰਾਮ ਠਾਕੁਰ ਨੂੰ ਧਮਕੀ, ਵਿਦੇਸ਼ ਦੌਰੇ ਦੀ ਸੂਚਨਾ ਦੇਣ ਵਾਲੇ ਨੂੰ ਇਨਾਮ ਦੀ ਘੋਸ਼ਣਾ
Friday, May 13, 2022 - 10:24 AM (IST)
ਨਾਹਨ (ਸਾਥੀ)- ਸਿੱਖਸ ਫਾਰ ਜਸਟਿਸ ਦੇ ਸੰਸਥਾਪਕ ਗੁਰਪਤਵੰਤ ਸਿੰਘ ਪਨੂੰ ਨੇ ਵੀਰਵਾਰ ਨੂੰ ਮੀਡੀਆ ਨੂੰ ਈ-ਮੇਲ ਨੋਟ ’ਚ ਮੁੱਖ ਮੰਤਰੀ ਨੂੰ ਇਕ ਵਾਰ ਫਿਰ ਧਮਕੀ ਦਿੱਤੀ ਹੈ। ਈ-ਮੇਲ ’ਚ ਕਿਹਾ ਗਿਆ ਹੈ ਕਿ ਧਰਮਸ਼ਾਲਾ ਵਿਧਾਨ ਸਭਾ ਕੰਪਲੈਕਸ ’ਚ ਖਾਲਿਸਤਾਨ ਦਾ ਝੰਡਾ ਲਗਾਉਣ ਵਾਲੇ ਸਿੱਖ ਨੌਜਵਾਨ ਨੂੰ ਹਿਰਾਸਤ ’ਚ ਲਿਆ ਜਾਣਾ ਜਾਇਜ਼ ਨਹੀਂ ਹੈ। ਪਨੂੰ ਨੇ ਕਿਹਾ ਕਿ ਜੋ ਵੀ ਵਿਅਕਤੀ ਮੁੱਖ ਮੰਤਰੀ ਜੈਰਾਮ ਠਾਕੁਰ ਤੇ ਡੀ. ਜੀ. ਪੀ. ਸੰਜੇ ਕੁੰਡੂ ਦੇ ਵਿਦੇਸ਼ ਦੌਰੇ ਦੀ ਜਾਣਕਾਰੀ ਉਪਲੱਬਧ ਕਰਵਾਏਗਾ, ਉਸ ਵਿਅਕਤੀ ਨੂੰ 25,000 ਡਾਲਰ ਦਾ ਇਨਾਮ ਦਿੱਤਾ ਜਾਵੇਗਾ। ਪਨੂੰ ਨੇ ਧਮਕੀ ਦਿੰਦੇ ਹੋਏ ਕਿਹਾ ਕਿ ਜੂਨ ਮਹੀਨੇ ’ਚ ਐਮਰਜੈਂਸੀ ਦੀ ਬਰਸੀ ਤਹਿਤ ਹੋਣ ਵਾਲਾ ਪ੍ਰੋਗਰਾਮ ਹਿਮਾਚਲ ਪ੍ਰਦੇਸ਼ ਦੇ ਜ਼ਿਲਾ ਸਿਰਮੌਰ ’ਚ ਹੋਵੇਗਾ। ਇਸ ਪ੍ਰੋਗਰਾਮ ’ਚ ਜਨਮਤ ਸੰਗ੍ਰਹਿ ਲਈ ਹਿਮਾਚਲ ’ਚ ਵੋਟਿੰਗ ਦਾ ਆਗਾਜ਼ ਹੋਵੇਗਾ।
ਹਿਮਾਚਲ ਦੇ ਧਰਮਸ਼ਾਲਾ ਦੇ ਤਪੋਵਨ ਵਿਧਾਨ ਸਭਾ ਕੰਪਲੈਕਸ ’ਚ ਵਿਵਾਦਤ ਝੰਡਾ ਲਗਾਉਣ ਦੇ ਦੋਸ਼ ’ਚ ਗ੍ਰਿਫਤਾਰ ਪੰਜਾਬ ਦੇ ਹਰਬੀਰ ਨੂੰ ਪੁਲਸ ਨੇ ਅੱਜ ਧਰਮਸ਼ਾਲਾ ਅਦਾਲਤ ’ਚ ਪੇਸ਼ ਕੀਤਾ। ਉਸ ਨੂੰ 16 ਮਈ ਤੱਕ 4 ਦਿਨ ਦੇ ਪੁਲਸ ਰਿਮਾਂਡ ’ਤੇ ਭੇਜਿਆ ਗਿਆ ਹੈ। ਅੱਜ ਹਰਬੀਰ ਸਿੰਘ ਨੂੰ ਧਰਮਸ਼ਾਲਾ ਦੇ ਉਨ੍ਹਾਂ ਸਥਾਨਾਂ ’ਤੇ ਵੀ ਲਿਜਾਇਆ ਗਿਆ ਜਿੱਥੇ-ਜਿੱਥੇ ਉਹ ਆਪਣੇ ਸਾਥੀਆਂ ਨਾਲ ਠਹਿਰਿਆ ਸੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ