ਤੀਜੀ ਧਿਰ ਦੇ ਖਿਡਾਰੀ ਵਿਗਾੜ ਸਕਦੇ ਹਨ ਮਹਾਰਾਸ਼ਟਰ ’ਚ ‘ਖੇਡ’

Sunday, Nov 17, 2024 - 01:50 PM (IST)

ਤੀਜੀ ਧਿਰ ਦੇ ਖਿਡਾਰੀ ਵਿਗਾੜ ਸਕਦੇ ਹਨ ਮਹਾਰਾਸ਼ਟਰ ’ਚ ‘ਖੇਡ’

ਨਵੀਂ ਦਿੱਲੀ- ਬੁੱਧਵਾਰ ਨੂੰ ਹੋਣ ਵਾਲੀ ਵੋਟਿੰਗ ਦੇ ਨਾਲ ਮਹਾਰਾਸ਼ਟਰ ਵਿਚ ਮਹਾਯੁਤੀ (ਭਾਜਪਾ, ਸ਼ਿੰਦੇ ਅਤੇ ਅਜੀਤ) ਅਤੇ ਐੱਮ. ਵੀ. ਏ. (ਊਧਵ, ਪਵਾਰ ਅਤੇ ਕਾਂਗਰਸ) ਦਰਮਿਆਨ ਸਭ ਤੋਂ ਵੱਡੇ ਚੋਣ ਮੁਕਾਬਲੇ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਪਰ ਇਸ ਬਾਈਪੋਲਰ ਦੌੜ ਨੂੰ ਤੀਜੀ ਧਿਰ ਦੇ ਖਿਡਾਰੀ ਵਿਗਾੜ ਸਕਦੇ ਹਨ।

ਦੋ ਮੁੱਖ ਗੱਠਜੋੜਾਂ ਦੇ ਦਬਦਬੇ ਵਾਲੇ ਮੁਕਾਬਲੇ ਵਿਚ 4 ਛੋਟੀਆਂ ਪਾਰਟੀਆਂ 2019 ਦੀਆਂ ਵਿਧਾਨ ਸਭਾ ਚੋਣਾਂ ਵਿਚ 288 ਚੋਣ ਹਲਕਿਆਂ ਵਿਚੋਂ 157 ’ਤੇ ਸਾਂਝੇ ਤੌਰ ’ਤੇ ਤੀਜੇ ਸਥਾਨ ’ਤੇ ਰਹੀਆਂ ਸਨ। ਬਹੁਜਨ ਸਮਾਜ ਪਾਰਟੀ (ਬਸਪਾ), ਮਹਾਰਾਸ਼ਟਰ ਨਵਨਿਰਮਾਣ ਸੈਨਾ (ਮਨਸੇ), ਵੰਚਿਤ ਬਹੁਜਨ ਅਘਾੜੀ (ਵੀ. ਬੀ. ਏ.) ਅਤੇ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਮੀਨ (ਏ. ਆਈ. ਐੱਮ. ਆਈ. ਐੱਮ.) ਮਹਾਰਾਸ਼ਟਰ ਦੇ ਸਿਆਸੀ ਥੀਏਟਰ ’ਤੇ ਨਿਰਣਾਇਕ ਬਣ ਕੇ ਉਭਰੀਆਂ ਹਨ।

ਏ. ਆਈ. ਐੱਮ. ਆਈ. ਐੱਮ. ਦੇ ਉਮੀਦਵਾਰ 11 ਸੀਟਾਂ ’ਤੇ ਤੀਜੇ ਸਥਾਨ ’ਤੇ ਰਹੇ, ਪਰ 2 ਸੀਟਾਂ ਜਿੱਤਣ ’ਚ ਕਾਮਯਾਬ ਰਹੇ। ਬਸਪਾ 12, ਮਨਸੇ 25 ਅਤੇ ਵੀ. ਬੀ. ਏ. 109 ਸੀਟਾਂ ’ਤੇ ਤੀਜੇ ਨੰਬਰ ’ਤੇ ਰਹੀ। ਵੀ. ਬੀ. ਏ. ਦੀ ਅਗਵਾਈ ਕਰ ਰਹੇ ਪ੍ਰਕਾਸ਼ ਅੰਬੇਡਕਰ ਡਾ. ਬੀ. ਆਰ. ਅੰਬੇਡਕਰ ਦੇ ਪੋਤੇ ਹਨ। ਵੀ. ਬੀ. ਏ. ਨੇ 236 ਸੀਟਾਂ ’ਤੇ ਚੋਣ ਲੜੀ ਅਤੇ 109 ਸੀਟਾਂ ’ਤੇ 4.57 ਫੀਸਦੀ ਵੋਟ ਲੈ ਕੇ ਤੀਜੇ ਸਥਾਨ ’ਤੇ ਰਹੀ, ਹਾਲਾਂਕਿ ਉਸ ਨੂੰ ਕੋਈ ਸੀਟ ਨਹੀਂ ਮਿਲੀ। ਇਸ ਵਾਰ ਵੀ. ਬੀ. ਏ. ਦਲਿਤ ਅਤੇ ਹਾਸ਼ੀਏ ਦੇ ਭਾਈਚਾਰਿਆਂ ਲਈ ਆਪਣੀ ਅਪੀਲ ਨਾਲ ਐੱਮ. ਵੀ. ਏ. ਨੂੰ ਨੁਕਸਾਨ ਪਹੁੰਚਾ ਸਕਦੀ ਹੈ।

ਮਨਸੇ ਨੇ 2019 ਵਿਚ 101 ਸੀਟਾਂ ’ਤੇ ਚੋਣਾਂ ਲੜੀਆਂ, 25 ਵਿਚ ਤੀਜੇ ਸਥਾਨ ’ਤੇ ਰਹੀ ਅਤੇ ਇਕ ਸੀਟ ਜਿੱਤੀ। ਆਪਣੇ ਹਮਲਾਵਰ ਭਾਸ਼ਣਾਂ ਅਤੇ ਮਹਾਰਾਸ਼ਟਰ-ਕੇਂਦਰਿਤ ਰਾਸ਼ਟਰਵਾਦ ਲਈ ਜਾਣੀ ਜਾਣ ਵਾਲੀ ਮਨਸੇ, ਸਖਤ ਮੁਕਾਬਲਿਆਂ ਨੂੰ ਪ੍ਰਭਾਵਿਤ ਕਰ ਸਕਦੀ ਹੈ, ਖਾਸ ਕਰ ਕੇ ਉਨ੍ਹਾਂ ਇਲਾਕਿਆਂ ਵਿਚ ਜਿਥੇ ਮਰਾਠੀ ਪਛਾਣ ਦੀ ਸਿਆਸਤ ਗੂੰਜਦੀ ਹੈ। ਮਨਸੇ ਅਪ੍ਰਤੱਖ ਤੌਰ ’ਤੇ ਮਹਾਯੁਤੀ ਦਾ ਸਮਰਥਨ ਕਰ ਰਹੀ ਹੈ। 2019 ਵਿਧਾਨ ਸਭਾ ਚੋਣਾਂ ਵਿਚ ਏ. ਆਈ. ਐੱਮ. ਆਈ. ਐੱਮ. ਦੇ ਵੋਟਾਂ ਦੀ ਔਸਤ 7370 ਅਤੇ ਬਸਪਾ ਦਾ ਔਸਤ 1193 ਰਿਹਾ।

ਬਸਪਾ ਨੇ ਭਾਵੇਂ ਹੀ 262 ਸੀਟਾਂ ’ਤੇ ਚੋਣ ਲੜੀ ਹੋਵੇ ਪਰ ਉਸ ਨੂੰ ਸਿਰਫ਼ 12 ਸੀਟਾਂ ’ਤੇ ਤੀਜਾ ਸਥਾਨ ਮਿਲਿਆ। ਕੁੱਲ ਮਿਲਾ ਕੇ 48 ਸੀਟਾਂ ਅਜਿਹੀਆਂ ਹਨ ਜਿੱਥੇ ਇਨ੍ਹਾਂ ਪਾਰਟੀਆਂ ਨੇ ਜਿੱਤ ਦੇ ਫਰਕ ਨਾਲੋਂ ਵੱਧ ਵੋਟ ਫੀਸਦੀ ਹਾਸਲ ਕੀਤੀ ਹੈ। ਇਨ੍ਹਾਂ ਵਿਚੋਂ ਵੀ. ਬੀ. ਏ. ਇਸ ਦੇ ਖਾਤੇ ’ਚ 32 ਸੀਟਾਂ ਹਨ, ਮਨਸੇ ਕੋਲ 6 ਜਦਕਿ ਬਸਪਾ ਅਤੇ ਏ. ਆਈ. ਐੱਮ. ਆਈ. ਐੱਮ. ਦੀਆਂ 5-5 ਸੀਟਾਂ ਹਨ।


author

Tanu

Content Editor

Related News