ਦੇਸ਼ ਦੇ ਟਾਪ ਵਿਗਿਆਨੀ ਦਾ ਦਾਅਵਾ, ਕੋਰੋਨਾ ਦੀ ਤੀਜੀ ਲਹਿਰ 4 ਜੁਲਾਈ ਨੂੰ ਦੇ ਚੁੱਕੀ ਹੈ ਦਸਤਕ
Tuesday, Jul 13, 2021 - 10:51 AM (IST)
ਹੈਦਰਾਬਾਦ– ਕੀ ਦੇਸ਼ ’ਚ ਕੋਰੋਨਾ ਦੀ ਤੀਜੀ ਲਹਿਰ ਦਸਤਕ ਦੇ ਚੁੱਕੀ ਹੈ? ਹੈਦਰਾਬਾਦ ਦੇ ਟਾਪ ਵਿਗਿਆਨੀ ਨੇ ਇਸ ਦਾ ਜਵਾਬ ‘ਹਾਂ’ ’ਚ ਦਿੱਤਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਅੰਦਾਜ਼ਾ ਹੈ ਕਿ 4 ਜੁਲਾਈ ਨੂੰ ਹੀ ਤੀਜੀ ਲਹਿਰ ਆ ਚੁੱਕੀ ਹੈ। ਮਸ਼ਹੂਰ ਭੌਤਿਕ ਵਿਗਿਆਨੀ ਡਾ. ਵਿਪਿਨ ਸ਼੍ਰੀਵਾਸਤਵ ਪਿਛਲੇ 15 ਮਹੀਨਿਆਂ ਤੋਂ ਇਨਫੈਕਸ਼ਨ ਦੇ ਅੰਕੜਿਆਂ ਅਤੇ ਮੌਤ ਦਰ ਦਾ ਵਿਸ਼ਲੇਸ਼ਣ ਕਰਦੇ ਰਹੇ ਹਨ।
ਹੈਦਰਾਬਾਦ ਯੂਨਿਵਰਸਿਟੀ ਦੇ ਪ੍ਰੋ-ਵਾਇਸ-ਚਾਂਸਲਰ ਰਹੇ ਸ਼੍ਰੀਵਾਸਤਵ ਨੇ ਦੱਸਿਆ ਕਿ 4 ਜੁਲਾਈ ਤੋਂ ਕੋਰੋਨਾ ਇਨਫੈਕਸ਼ਨ ਦੇ ਨਵੇਂ ਮਾਮਲੇ ਅਤੇ ਮੌਤਾਂ ਇਸ਼ਾਰਾ ਕਰਦੇ ਹਨ ਕਿ ਦੇਸ਼ ’ਚ ਤੀਜੀ ਲਹਿਰ ਆ ਚੁੱਕੀ ਹੈ। ਇਹ ਟਰੈਂਡ ਫਰਵਰੀ 2021 ਦੇ ਪਹਿਲੇ ਹਫਤੇ ਵਰਗਾ ਹੈ, ਜਦੋਂ ਦੇਸ਼ ’ਚ ਕੋਰੋਨਾ ਦੀ ਦੂਜੀ ਲਹਿਰ ਨੇ ਦਸਤਕ ਦਿੱਤੀ ਸੀ। ਇਹ ਅਪ੍ਰੈਲ ’ਚ ਸਿਖਰ ’ਤੇ ਪਹੁੰਚ ਗਈ ਸੀ।
ਸ਼੍ਰੀਵਾਸਤਵ ਨੇ ਅਪੀਲ ਕੀਤੀ ਹੈ ਕਿ ਜੇਕਰ ਲੋਕਾਂ ਨੇ ਕੋਰੋਨਾ ਪ੍ਰੋਟੋਕਾਲ ਨਾ ਮੰਨੇ ਤਾਂ ਤੀਜੀ ਲਹਿਰ ਰਫਤਾਰ ਫੜ੍ਹ ਸਕਦੀ ਹੈ। ਤੀਜੀ ਲਹਿਰ ਨੂੰ ਕੰਟਰੋਲ ’ਚ ਰੱਖਣ ਲਈ ਲੋਕਾਂ ਨੂੰ ਸਮਾਜਿਕ ਦੂਰੀ, ਸੈਨੇਟਾਈਜੇਸ਼ਨ, ਮਾਸਕ ਪਹਿਨਣ ਅਤੇ ਵੈਕਸੀਨੇਸ਼ਨ ਵਰਗੇ ਪ੍ਰੋਟੋਕਾਲ ਦੀ ਹਰ ਹਾਲ ’ਚ ਪਾਲਣਾ ਕਰਨੀ ਹੋਵੇਗੀ।