ਉਹ ਚੀਨ ਨੂੰ ਲੱਦਾਖ ''ਚ ਦਾਖ਼ਲ ਹੋਣ ਤੋਂ ਨਹੀਂ ਰੋਕ ਸਕਦੇ ਪਰ ਮੈਨੂੰ ਕਾਰਗਿਲ ਨਹੀਂ ਜਾਣ ਦੇਣਗੇ : ਉਮਰ ਅਬਦੁੱਲਾ

Tuesday, Nov 01, 2022 - 10:01 AM (IST)

ਉਹ ਚੀਨ ਨੂੰ ਲੱਦਾਖ ''ਚ ਦਾਖ਼ਲ ਹੋਣ ਤੋਂ ਨਹੀਂ ਰੋਕ ਸਕਦੇ ਪਰ ਮੈਨੂੰ ਕਾਰਗਿਲ ਨਹੀਂ ਜਾਣ ਦੇਣਗੇ : ਉਮਰ ਅਬਦੁੱਲਾ

ਸ਼੍ਰੀਨਗਰ (ਭਾਸ਼ਾ)- ਨੈਸ਼ਨਲ ਕਾਨਫਰੰਸ (ਨੇਕਾਂ) ਦੇ ਨੇਤਾ ਉਮਰ ਅਬਦੁੱਲਾ ਨੇ ਦਾਅਵਾ ਕੀਤਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ 'ਚ ਅਧਿਕਾਰੀਆਂ ਨੇ ਉਨ੍ਹਾਂ ਨੂੰ ਕਾਰਗਿਲ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਉਮਰ ਨੇ ਸੋਮਵਾਰ ਨੂੰ ਦਰਾਸ 'ਚ ਆਪਣੇ ਸਮਰਥਕਾਂ ਦੀ ਸਭਾ 'ਚ ਕਿਹਾ,''ਉਨ੍ਹਾਂ ਨੇ ਮੈਨੂੰ ਇੱਥੇ ਨਹੀਂ ਆਉਣ ਲਈ ਕਿਹਾ। ਉੱਥੇ (ਪੂਰਬੀ ਲੱਦਾਖ 'ਚ) ਚੀਨ ਆ ਗਿਆ ਹੈ, ਤੁਸੀਂ ਉਨ੍ਹਾਂ ਨੂੰ ਰੋਕ ਨਹੀਂ ਸਕੇ, ਤੁਸੀਂ ਉਨ੍ਹਾਂ ਨੂੰ ਵਾਪਸ ਨਹੀਂ ਭੇਜ ਸਕੇ। ਅਸੀਂ ਸਿਰਫ਼ ਸ਼੍ਰੀਨਗਰ ਤੋਂ ਦਰਾਸ ਰਾਹੀਂ ਕਾਰਗਿਲ ਜਾ ਰਹੇ ਹਾਂ। ਅਸੀਂ ਇੱਥੇ ਸ਼ਹਿਰ 'ਤੇ ਕਬਜ਼ਾ ਜਮਾਉਣ ਨਹੀਂ ਆਏ ਹਾਂ।''

ਅਬਦੁੱਲਾ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਦਰਾਸ 'ਚ ਜਨਤਕ ਸੰਬੋਧਨ ਪ੍ਰਣਾਲੀ ਦਾ ਇਸਤੇਮਾਲ ਕਰਨ ਅਤੇ 'ਡਾਕ ਬੰਗਲਾ' ਸਹੂਲਤ ਦਾ ਲਾਭ ਉਠਾਉਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ,''ਮੈਂ 6 ਸਾਲ ਜੰਮੂ ਕਸ਼ਮੀਰ ਦਾ ਮੁੱਖ ਮੰਤਰੀ ਰਿਹਾ ਹਾਂ ਪਰ ਉਨ੍ਹਾਂ ਦੇ ਕੁਝ ਫ਼ੈਸਲੇ ਮੇਰੀ ਸਮਝ 'ਚ ਨਹੀਂ ਆਉਂਦੇ।'' ਅਬਦੁੱਲਾ ਨੇ ਕਿਹਾ ਕਿ ਸਰਕਾਰ ਨੂੰ ਆਪਣੇ ਫ਼ੈਸਲੇ 'ਤੇ ਹੀ ਭਰੋਸਾ ਨਹੀਂ ਹੈ। ਉਨ੍ਹਾਂ ਕਿਹਾ,''ਉਨ੍ਹਾਂ ਨੇ ਅਗਸਤ 2019 'ਚ ਤੁਹਾਨੂੰ (ਲੱਦਾਖ ਨੂੰ) ਜੰਮੂ ਕਸ਼ਮੀਰ ਤੋਂ ਵੱਖ ਕਰ ਦਿੱਤਾ। ਜੇਕਰ ਇਹ ਤੁਹਾਡੀ ਦਿਲੀ ਮੰਗ ਸੀ ਤਾਂ ਉਹ ਸਾਨੂੰ ਪ੍ਰਵੇਸ਼ ਕਰਨ ਦੀ ਮਨਜ਼ੂਰੀ ਦੇਣ ਤੋਂ ਕਿਉਂ ਡਰਦੇ ਹਨ?'' ਉਨ੍ਹਾਂ ਨੇ ਕੇਂਦਰ 'ਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਉਹ ਕਾਲਪਨਿਕ ਰੇਖਾਵਾਂ ਬਣਾ ਕੇ ਜੰਮੂ ਕਸ਼ਮੀਰ ਅਤੇ ਲੱਦਾਖ ਦੇ ਲੋਕਾਂ ਦਰਮਿਆਨ ਸਦੀਆਂ ਪੁਰਾਣੇ ਸੰਬੰਧ ਖ਼ਤਮ ਨਹੀਂ ਕਰ ਸਕਦੇ। ਉਨ੍ਹਾਂ ਕਿਹਾ,''ਸਾਡੇ ਸੰਬੰਧ ਬਹੁਤ ਮਜ਼ਬੂਤ ਹਨ ਅਤੇ ਇਹ ਫਰਜ਼ੀ ਰੇਖਾਵਾਂ ਇਨ੍ਹਾਂ ਕਮਜ਼ੋਰ ਨਹੀਂ ਕਰ ਸਕਦੀਆਂ। ਅਸੀਂ ਤੁਹਾਡਾ ਦਰਦ ਸਮਝ ਸਕਦੇ ਹਾਂ, ਅਸੀਂ ਜਾਣਦੇ ਹਾਂ ਕਿ ਤੁਹਾਨੂੰ ਨਜ਼ਰਅੰਦਾਜ ਕੀਤਾ ਜਾ ਰਿਹਾ ਹੈ।''


author

DIsha

Content Editor

Related News