ਟਰੂਡੋ ਦੇ ਅੱਜ ਹੋਏ ਸਵਾਗਤ ਮੌਕੇ ਇਹ ਮੰਤਰੀ ਸਨ ਮੌਜੂਦ

02/23/2018 5:57:15 PM

ਨਵੀਂ ਦਿੱਲੀ (ਏਜੰਸੀ)- ਸ਼ੁੱਕਰਵਾਰ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਨ੍ਹਾਂ ਦੇ ਪਰਿਵਾਰ ਦਾ ਪ੍ਰਧਾਨ ਮੰਤਰੀ ਮੋਦੀ ਵੱਲੋਂ ਰਾਸ਼ਟਰਪਤੀ ਭਵਨ 'ਚ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਪ੍ਰਧਾਨ ਮੰਤਰੀ ਟਰੂਡੋ ਅਤੇ ਨਰਿੰਦਰ ਮੋਦੀ ਨੇ ਹੈਦਰਾਬਾਦ ਹਾਊਸ 'ਚ ਸਾਂਝੀ ਪ੍ਰੈਸ ਕਾਨਫਰੰਸ ਕੀਤੀ। ਦੋਹਾਂ ਦੇਸ਼ਾਂ ਵਿਚਕਾਰ ਕਈ ਸਮਝੌਤਿਆਂ 'ਤੇ ਦਸਤਖਤ ਕੀਤੇ ਗਏ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਖੁਸ਼ੀ ਪ੍ਰਗਟ ਕੀਤੀ ਕਿ ਕੈਨੇਡਾ ਦੇ ਪੀ. ਐੱਮ. ਆਪਣੇ ਪਰਿਵਾਰ ਸਮੇਤ ਭਾਰਤ ਦੌਰੇ 'ਤੇ ਆਏ ਹਨ। ਮੋਦੀ ਅਤੇ ਟਰੂਡੋ ਦੀ ਬੈਠਕ 'ਚ ਵਪਾਰ, ਸਿੱਖਿਆ ਅਤੇ ਕਈ ਹੋਰ ਮਸਲਿਆਂ 'ਤੇ ਗੱਲਬਾਤ ਹੋਈ।
ਇਸ ਦੌਰਾਨ ਲੰਚ ਦਾ ਆਯੋਜਨ ਵੀ ਕੀਤਾ ਗਿਆ, ਜਿਸ ਵਿਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ, ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ, ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ, ਰਾਜ ਮੰਤਰੀ ਰਾਜਵਰਧਨ ਸਿੰਘ ਰਾਠੌੜ , ਖੇਤੀਬਾੜੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ, ਕੇਂਦਰੀ ਮੰਤਰੀ ਵਿਜੇ ਸਾਂਪਲਾ ਅਤੇ ਐਮ.ਪੀ. ਸ਼ਵੇਤ ਮਲਿਕ ਮੌਜੂਦ ਸਨ। ਇਨ੍ਹਾਂ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੁੱਖ-ਪ੍ਰਮੁੱਖ ਸਕੱਤਰ ਨਰਿਪੇਂਦਰ ਮਿਸ਼ਰਾ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਡਿਪਟੀ ਨੈਸ਼ਨਲ ਸਕਿਓਰਿਟੀ ਐਡਵਾਈਜ਼ਰ ਰਾਜਿੰਦਰ ਖੰਨਾ, ਵਿਦੇਸ਼ ਸਕੱਤਰ ਵਿਜੇ ਗੋਖਲੇ, ਐਮ.ਈ.ਏ. ਸਕੱਤਰ (ਦੱਖਣ) ਪ੍ਰੀਤੀ ਸਰਨ, ਉਦਯੋਗਿਕ ਨੀਤੀ ਅਤੇ ਪ੍ਰੋਮੋਸ਼ਨ ਵਿਭਾਗ ਸਕੱਤਰ ਰਮੇਸ਼ ਅਭਿਸ਼ੇਕ, ਓਟਾਵਾ ਵਿਚ ਭਾਰਤੀ ਹਾਈ ਕਮਿਸ਼ਨਰ ਵਿਕਾਸ ਸਵਰੂਪ ਅਤੇ ਪ੍ਰਮਾਣੂ ਊਰਜਾ ਵਿਭਾਗ ਦੇ ਸਕੱਤਰ ਸ਼ੇਖਰ ਬਾਸੂ ਆਦਿ ਹਾਜ਼ਰ ਸਨ।


Related News