ਰੇਲ ਗੱਡੀ ''ਚ ਬੰਬ ਹੋਣ ਦੀ ਅਫ਼ਵਾਹ ਕਾਰਨ ਸਟੇਸ਼ਨ ''ਤੇ ਪਈ ਭੱਜ-ਦੌੜ, ਯਾਤਰੀ ਹੋਏ ਪਰੇਸ਼ਾਨ

05/07/2022 2:27:43 PM

ਰੋਹਤਕ (ਦੀਪਕ)- ਹਰਿਆਣਾ ਦੇ ਰੋਹਤਕ ਜ਼ਿਲ੍ਹੇ ਦੇ ਸਾਂਪਲਾ ਰੇਲਵੇ ਸਟੇਸ਼ਨ 'ਤੇ ਦਿੱਲੀ ਯਾਤਰੀ ਰੇਲ 'ਚ ਬੰਬ ਦੀ ਅਫ਼ਵਾਹ ਫੈਲਣ ਦੀ ਘਟਨਾ ਨੇ ਹਜ਼ਾਰਾਂ ਯਾਤਰੀਆਂ ਨੂੰ ਪਰੇਸ਼ਾਨੀ 'ਚ ਪਾ ਦਿੱਤਾ। ਸੂਚਨਾ ਮਿਲਦੇ ਹੀ ਸਟੇਸ਼ਨ ਮਾਸਟਰ ਨੇ ਪੁਲਸ ਨੂੰ ਮੌਕੇ 'ਤੇ ਬੁਲਾਇਆ ਅਤੇ ਰੇਲ ਨੂੰ ਤੁਰੰਤ ਖ਼ਾਲੀ ਕਰਾ ਦਿੱਤਾ ਗਿਆ। ਇਸ ਤੋਂ ਬਾਅਦ ਬੰਬ ਸਕਵਾਇਡ ਅਤੇ ਡੌਗ ਸਕਵਾਇਡ ਨੇ ਪੂਰੀ ਰੇਲ ਗੱਡੀ ਦੀ ਜਾਂਚ ਕੀਤੀ। ਲਗਭਗ ਢਾਈ ਘੰਟਿਆਂ ਬਾਅਦ ਕਲੀਨ ਚਿੱਟ ਦੇ ਕੇ ਰੇਲ ਗੱਡੀ ਨੂੰ ਰੋਹਤਕ ਲਈ ਰਵਾਨਾ ਕੀਤਾ ਗਿਆ। ਇਸ ਕਾਰਨ ਦਿੱਲੀ ਵਲੋਂ ਆਉਣ ਵਾਲੀਆਂ ਕਈ ਯਾਤਰੀ ਗੱਡੀਆਂ ਪ੍ਰਭਾਵਿਤ ਰਹੀਆਂ। ਦਿੱਲੀ ਨਰਵਾਨਾ ਯਾਤਰੀ ਰੇਲ ਜਿਵੇਂ ਹੀ ਸ਼ਾਮ 7 ਵਜੇ ਸਾਂਪਲਾ ਰੇਲਵੇ ਸਟੇਸ਼ਨ ਪਹੁੰਚੀ, ਉਸੇ ਦੌਰਾਨ ਯਾਤਰੀਆਂ ਨੇ ਇਕ ਵਿਅਕਤੀ ਨੂੰ ਫੜ ਰੱਖਿਆ ਸੀ ਅਤੇ ਉਸ ਨਾਲ ਕੁੱਟਮਾਰ ਕੀਤੀ ਜਾ ਰਹੀ ਸੀ। ਉਦੋਂ ਇਹ ਗੱਲ ਸਾਹਮਣੇ ਆਈ ਕਿ ਫੜਿਆ ਗਿਆ ਵਿਅਕਤੀ ਉਸ ਕੋਲ ਬੰਬ ਹੋਣ ਦੀ ਗੱਲ ਕਹਿ ਰਿਹਾ ਹੈ। 

ਇਹ ਵੀ ਪੜ੍ਹੋ : ਸ਼ਰਾਬ ਦੇ ਨਸ਼ੇ 'ਚ ਪਿਤਾ ਨੇ ਲੁੱਟੀ ਧੀ ਦੀ ਪੱਤ, ਕੁੜੀ ਨੇ ਚੁੱਕਿਆ ਖੌਫ਼ਨਾਕ ਕਦਮ

ਸਟੇਸ਼ਨ ਮਾਸਟਰ ਨੇ ਤੁਰੰਤ ਗੱਡੀ ਸਟੇਸ਼ਨ 'ਤੇ ਹੀ ਰੋਕ ਦਿੱਤੀ ਅਤੇ ਅਨਾਊਂਸਮੈਂਟ ਕਰ ਕੇ ਯਾਤਰੀਆਂ ਨਾਲ ਭਰੀ ਰੇਲ ਗੱਡੀ ਨੂੰ ਖ਼ਾਲੀ ਕਰਵਾਇਆ ਗਿਆ। ਸਟੇਸ਼ਨ ਮਾਸਟਰ ਨੇ ਤੁਰੰਤ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਬਿਨਾਂ ਦੇਰੀ ਕੀਤੇ, ਸਾਂਪਲਾ ਥਾਣਾ ਪੁਲਸ ਅਤੇ ਜੀ.ਆਰ.ਪੀ. ਥਾਣਾ ਪੁਲਸ ਸਟੇਸ਼ਨ ਪਹੁੰਚ ਗਈ ਅਤੇ ਉਸ ਵਿਅਕਤੀ ਨੂੰ ਹਿਰਾਸਤ 'ਚ ਲੈ ਲਿਆ ਗਿਆ, ਜਿਸ ਨਾਲ ਕੁੱਟਮਾਰ ਕੀਤੀ ਜਾ ਰਹੀ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਲਗਭਗ 8 ਵਜੇ ਦੇ ਕਰੀਬ ਬੰਬ ਨਕਾਰਾ ਦਸਤਾ ਅਤੇ ਡੌਗ ਸਕਵਾਇਡ ਦੀ ਟੀਮ ਸਟੇਸ਼ਨ ਪਹੁੰਚੀ। ਪੂਰੀ ਰੇਲ ਗੱਡੀ ਦੀ ਜਾਂਚ ਕੀਤੀ ਗਈ ਅਤੇ 9.38 ਵਜੇ ਯਾਤਰੀ ਰੇਲ ਨੂੰ ਕਲੀਨ ਚਿੱਟ ਦੇ ਕੇ ਰੋਹਤਕ ਲਈ ਰਵਾਨਾ ਕੀਤਾ ਗਿਆ। ਸਾਂਪਲਾ ਏ.ਐੱਸ.ਪੀ. ਮੇਧਾ ਭੂਸ਼ਣ ਨੇ ਵੀ ਮੌਕੇ 'ਤੇ ਪਹੁੰਚ ਕੇ ਪੁਲਸ ਅਧਿਕਾਰੀਆਂ ਤੋਂ ਜਾਣਕਾਰੀ ਲਈ। ਇਸ ਦੌਰਾਨ ਯਾਤਰੀਆਂ ਨੂੰ ਪਲੇਟਫਾਰਮ ਤੋਂ ਦੂਰ ਰੱਖਿਆ ਗਿਆ, ਜਿਸ ਕਾਰਨ ਯਾਤਰੀ ਵੀ ਕਾਫ਼ੀ ਪਰੇਸ਼ਾਨ ਦਿੱਸੇ ਅਤੇ ਇੰਤਜ਼ਾਰ ਕਰਦੇ ਰਹੇ ਕਦੋਂ ਰੇਲ ਗੱਡੀ ਨੂੰ ਰੋਹਤਕ ਲਈ ਰਵਾਨਾ ਕੀਤਾ ਜਾਵੇਗਾ। ਮਾਮਲੇ 'ਚ ਜੀ.ਆਰ.ਪੀ. ਐੱਸ.ਐੱਚ.ਓ. ਹੁਸ਼ਿਆਰ ਸਿੰਘ ਦਾ ਕਹਿਣਾ ਹੈ ਕਿ ਇਹ ਰੇਲ ਗੱਡੀ ਸ਼ਾਮ 7 ਵਜੇ ਸਟੇਸ਼ਨ 'ਤੇ ਪਹੁੰਚੀ ਸੀ। ਅਚਾਨਕ ਉਨ੍ਹਾਂ ਨੂੰ ਗੱਡੀ 'ਚ ਬੰਬ ਹੋਣ ਦੀ ਸੂਚਨਾ ਮਿਲੀ। ਇਸ ਲਈ ਜਾਂਚ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਰੇਲ ਨੂੰ ਰਵਾਨਾ ਕਰ ਦਿੱਤਾ ਗਿਆ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News