ਇੰਡੀਆ ਬਲਾਕ ’ਚ ਕੋਈ ਦਰਾਰ ਨਹੀਂ, ਰਾਹੁਲ ’ਤੇ ਨਜ਼ਰ!
Sunday, Mar 16, 2025 - 12:41 AM (IST)

ਨੈਸ਼ਨਲ ਡੈਸਕ- ਇਕੋ ਜਿਹੀ ਸੋਚ ਵਾਲੀਆਂ ਭਾਜਪਾ ਵਿਰੋਧੀ ਪਾਰਟੀਆਂ ਦੇ ਇਕ ਢਿੱਲੇ ਗੱਠਜੋੜ ‘ਇੰਡੀਆ’ ਬਲਾਕ ’ਚ ਰਿਪੋਰਟਾਂ ਦੇ ਉਲਟ ਕੋਈ ਦਰਾਰ ਨਹੀਂ ਹੈ, ਜਿਵੇਂ ਕਿ ਦਿਖਾਈ ਦੇ ਰਿਹਾ ਸੀ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਕਾਂਗਰਸ ਆਪਣੇ ਸਹਿਯੋਗੀਆਂ ਨਾਲ ਮਿਲ ਕੇ ਇਕ ਤੋਂ ਬਾਅਦ ਇਕ ਸੂਬੇ ਭਾਜਪਾ ਤੋਂ ਹਾਰ ਰਹੀ ਹੈ ਅਤੇ ਕੁਝ ਸੂਬਿਆਂ ਵਿਚ ਉਨ੍ਹਾਂ ਵਿਚਕਾਰ ਮਤਭੇਦ ਹੋਣ।
ਦਿੱਲੀ ਵਿਚ ‘ਆਪ’ ਦੀ ਹਾਰ ਨੇ ਕਾਂਗਰਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ ਕਿਉਂਕਿ ਇਹ ਬਹੁਤ ਸਪੱਸ਼ਟ ਹੋ ਗਿਆ ਹੈ ਕਿ ਪਾਰਟੀ ਜਿੱਤਣ ਲਈ ਕੰਮ ਨਹੀਂ ਕਰ ਰਹੀ ਸੀ ਸਗੋਂ ਇਕ ਤਰ੍ਹਾਂ ਨਾਲ ਇਸ ਨੇ ਭਾਜਪਾ ਦੀ ਮਦਦ ਕੀਤੀ। ਫਿਰ ਵੀ, ਸਭ ਕੁਝ ਖਤਮ ਨਹੀਂ ਹੋਇਆ ਹੈ, ਕਿਉਂਕਿ ਬਿਹਾਰ ਵਿਚ ਰਾਜਦ-ਕਾਂਗਰਸ ਤੇ ਛੋਟੀਆਂ ਪਾਰਟੀਆਂ ਦੇ ਗੱਠਜੋੜ ’ਚ ਸ਼ਾਇਦ ਉਥਲ-ਪੁਥਲ ਹੋਵੇ ਪਰ ਰਾਜਨੀਤਕ ਮਜਬੂਰੀਆਂ ਕਾਰਨ ਇਹ ਬਚ ਸਕਦਾ ਹੈ। ਇੰਡੀਆ ਬਲਾਕ ਦੀਆਂ ਪਾਰਟੀਆਂ ਸੰਸਦ ਵਿਚ ਇਕ-ਦੂਜੇ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਸਹਿਯੋਗ ਕਰ ਰਹੀਆਂ ਹਨ।
ਮਾਰਚ-ਅਪ੍ਰੈਲ 2026 ਦੀਆਂ ਵਿਧਾਨ ਸਭਾ ਚੋਣਾਂ ਵਿਚ ਮਮਤਾ ਬੈਨਰਜੀ ਨੂੰ ਸੱਤਾ ਤੋਂ ਬਾਹਰ ਕਰਨ ਦੇ ਭਾਜਪਾ ਦੇ ਇਰਾਦੇ ਨਾਲ ਪੱਛਮੀ ਬੰਗਾਲ ਵਿਚ ਹੁਣ ਕਾਂਗਰਸ ਨਾਲ ਸਮਝੌਤਾ ਹੁੰਦਾ ਦਿਖਾਈ ਦੇ ਰਿਹਾ ਹੈ। ਹਾਲ ਹੀ ਵਿਚ ਸੰਪੰਨ ਹੋਏ ਆਰ. ਐੱਸ. ਐੱਸ. ਮੁਖੀ ਮੋਹਨ ਭਾਗਵਤ ਦੇ ਪੱਛਮੀ ਬੰਗਾਲ ਦੇ 10 ਦਿਨਾਂ ਦੌਰੇ ਨੇ ਤ੍ਰਿਣਮੂਲ ਕਾਂਗਰਸ ਨੂੰ ਬੇਚੈਨ ਕਰ ਦਿੱਤਾ ਹੈ। ਅਭਿਸ਼ੇਕ ਬੈਨਰਜੀ ਕਾਂਗਰਸ ਨਾਲ ਗੱਠਜੋੜ ਨਾ ਹੋਣ ’ਤੇ ਸੀਟਾਂ ਦੀ ਵੰਡ ਦੇ ਹੱਕ ਵਿਚ ਹਨ ਅਤੇ ਮਮਤਾ ਚੁੱਪ ਧਾਰੀ ਬੈਠੀ ਹੈ।
ਅਸਲ ਸਮੱਸਿਆ ਇਹ ਹੈ ਕਿ ਕਾਂਗਰਸ ਨੂੰ ਆਪਣੇ ਘਰ ਨੂੰ ਵਿਵਸਥਿਤ ਕਰਨਾ ਹੈ, ਫਿਰ ਭਾਵੇਂ ਉਹ ਕੇਰਲ ਹੋਵੇ, ਆਸਾਮ ਜਾਂ 2026 ਦੀਆਂ ਚੋਣਾਂ ਵਾਲੇ ਹੋਰ ਸੂਬੇ ਹੋਣ। ਉਨ੍ਹਾਂ ਨੂੰ ਇਥੇ ਜਿੱਤਣਾ ਹੀ ਹੋਵੇਗਾ ਕਿਉਂਕਿ ਇਨ੍ਹਾਂ ਸੂਬਿਆਂ ਵਿਚ ਪਾਰਟੀ ਲਈ ਲੰਬੇ ਸਮੇਂ ਤੋਂ ਸੋਕਾ ਪਿਆ ਹੋਇਆ ਹੈ। ਕੇਰਲ ਵਿਚ ਕਾਂਗਰਸ ਇਕ ਮੁਸ਼ਕਲ ਚੁਣੌਤੀ ਦਾ ਸਾਹਮਣਾ ਕਰ ਰਹੀ ਹੈ, ਜਿਥੇ ਨੇਤਾ ਅਤੇ ਕੈਡਰ ਉਸ ਦੀ ਕਿਸ਼ਤੀ ਨੂੰ ਡੋਬਣ ਨੂੰ ਤਿਆਰ ਹਨ।
ਰਾਹੁਲ ਲਈ ਦੂਜੀ ਵੱਡੀ ਚੁਣੌਤੀ ਆਸਾਮ ਹੈ, ਜਿੱਥੇ ਪਾਰਟੀ 10 ਸਾਲਾਂ ਤੋਂ ਜਿੱਤ ਹਾਸਲ ਨਹੀਂ ਕਰ ਸਕੀ ਹੈ ਅਤੇ ਲੀਡਰਸ਼ਿਪ ਦਾ ਮੁੱਦਾ ਵੀ ਅਣਸੁਲਝਿਆ ਹੋਇਆ ਹੈ। ਜੇਕਰ ਰਾਹੁਲ ਗਾਂਧੀ ਬਿਹਾਰ ਅਤੇ ਇਨ੍ਹਾਂ ਵਿਚੋਂ ਕਿਸੇ ਵੀ ਸੂਬੇ ਵਿਚ ਅਸਫਲ ਰਹਿੰਦੇ ਹਨ, ਤਾਂ ਪਾਰਟੀ ਵਿਚ ਖੁੱਲ੍ਹੇ ਸਵਾਲ ਹੋਣਗੇ। ਭਾਜਪਾ ਕਰਨਾਟਕ ਸਮੇਤ ਕਈ ਸੂਬਿਆਂ ਵਿਚ ਰਾਹੁਲ ਦੀ ਕਿਸ਼ਤੀ ਨੂੰ ਡੋਬਣ ਦਾ ਕੰਮ ਕਰ ਰਹੀ ਹੈ।
ਕਰਨਾਟਕ ਵਿਚ ਨਜ਼ਰਾਂ ਉਪ ਮੁੱਖ ਮੰਤਰੀ ਡੀ. ਕੇ. ਸ਼ਿਵਕੁਮਾਰ ’ਤੇ ਟਿਕੀਆਂ ਹਨ, ਜੋ ਢਾਈ ਸਾਲਾਂ ਬਾਅਦ ਉੱਚ ਅਹੁਦੇ ਤੋਂ ਵਾਂਝੇ ਕੀਤੇ ਜਾਣ ’ਤੇ ਨਾਰਾਜ਼ਗੀ ਦੇ ਮਿਲੇ-ਜੁਲੇ ਸੰਕੇਤ ਦੇ ਰਹੇ ਹਨ। ਮੱਲਿਕਾਰਜੁਨ ਖੜਗੇ ਨੇ ਹਾਲ ਹੀ ਵਿਚ ਇਕ ਬੰਦ ਕਮਰੇ ਵਿਚ ਮੀਟਿੰਗ ਕੀਤੀ ਪਰ ਕੋਈ ਹੱਲ ਨਜ਼ਰ ਨਹੀਂ ਆ ਰਿਹਾ।