ਰੇਲਵੇ ਟਿਕਟ ਬੁਕਿੰਗ ’ਚ ਚਲਾਕੀ ਪਵੇਗੀ ਭਾਰੀ, AI ਦੀ ਨਜ਼ਰ ’ਚ ਆਏ ਯੂਜ਼ਰ, ID ਹੋਵੇਗੀ ਬਲਾਕ
Sunday, Feb 22, 2026 - 10:34 PM (IST)
ਨਵੀਂ ਦਿੱਲੀ- ਆਨਲਾਈਨ ਰੇਲ ਟਿਕਟ ਬੁੱਕ ਕਰਦੇ ਸਮੇਂ ਹੁਣ ਥੋੜ੍ਹੀ ਜਿਹੀ ਚਲਾਕੀ ਵੀ ਮਹਿੰਗੀ ਸਾਬਤ ਹੋ ਸਕਦੀ ਹੈ। ਤੈਅ ਸਮੇਂ ਤੋਂ ਪਹਿਲਾਂ ਫਾਰਮ ਭਰਨਾ ਜਾਂ ਅਸਾਧਾਰਨ ਤੇਜ਼ੀ ਨਾਲ ਵੇਰਵੇ ਦਰਜ ਕਰਨਾ ਤੁਹਾਡੇ ਆਈ.ਆਰ.ਸੀ.ਟੀ.ਸੀ. ਖਾਤੇ ’ਤੇ ਕਾਰਵਾਈ ਕਰਵਾ ਸਕਦਾ ਹੈ। ਰੇਲਵੇ ਨੇ ਸਾਫ਼ ਸੰਕੇਤ ਦੇ ਦਿੱਤੇ ਹਨ ਕਿ ਸ਼ੱਕੀ ਗਤੀਵਿਧੀ ’ਤੇ ਸਿੱਧੀ ਬਲਾਕ ਦੀ ਤਲਵਾਰ ਚੱਲੇਗੀ। ਰੇਲਵੇ ਨੇ ਰਿਜ਼ਰਵੇਸ਼ਨ ਪ੍ਰਣਾਲੀ ਵਿਚ ਨਵੀਂ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਆਧਾਰਿਤ ਤਕਨੀਕ ਲਾਗੂ ਕੀਤੀ ਹੈ। ਇਹ ਸਿਸਟਮ ਟਾਈਪਿੰਗ ਦੀ ਗਤੀ, ਕਲਿੱਕ ਪੈਟਰਨ ਅਤੇ ਲਾਗਇਨ ਵਿਵਹਾਰ ਦਾ ਵਿਸ਼ਲੇਸ਼ਣ ਕਰ ਕੇ ਅਸਲੀ ਅਤੇ ਫਰਜ਼ੀ ਯੂਜ਼ਰ ਵਿਚ ਫਰਕ ਕਰੇਗਾ। ਇਸ ਦਾ ਮਕਸਦ ਦਲਾਲਾਂ ਅਤੇ ਨਾਜਾਇਜ਼ ਸਾਫਟਵੇਅਰਾਂ ਦੀ ਖੇਡ ਖ਼ਤਮ ਕਰਨਾ ਹੈ।
ਇਕ ਮਹੀਨੇ ’ਚ 2.8 ਲੱਖ ਅਕਾਊਂਟ ਬੰਦ
ਰੇਲਵੇ ਸੂਤਰਾਂ ਅਨੁਸਾਰ, ਬੀਤੇ ਇਕ ਮਹੀਨੇ ’ਚ ਕਰੀਬ 2.8 ਲੱਖ ਸ਼ੱਕੀ ਖਾਤਿਆਂ ਨੂੰ ਬਲਾਕ ਕੀਤਾ ਜਾ ਚੁੱਕਾ ਹੈ। ਨਵੀਂ ਤਕਨੀਕ ਰਾਹੀਂ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ ਤਾਂ ਜੋ ਬੁਕਿੰਗ ਪ੍ਰਕਿਰਿਆ ਪਾਰਦਰਸ਼ੀ ਅਤੇ ਸੁਰੱਖਿਅਤ ਬਣੀ ਰਹੇ। ਰੇਲਵੇ ਦਾ ਐਲਗੋਰਿਦਮ ਟਾਈਪਿੰਗ ਦੀ ਰਫ਼ਤਾਰ ਨੂੰ ਮਾਪਦਾ ਹੈ। ਜੇ 5 ਯਾਤਰੀਆਂ ਦਾ ਨਾਂ, ਉਮਰ ਅਤੇ ਲਿੰਗ ਵਰਗੀ ਜਾਣਕਾਰੀ 4.2 ਸੈਕਿੰਡ ਤੋਂ ਘੱਟ ਸਮੇਂ ਵਿਚ ਭਰ ਦਿੱਤੀ ਜਾਂਦੀ ਹੈ, ਤਾਂ ਸਿਸਟਮ ਤੁਰੰਤ ‘ਰੈੱਡ ਫਲੈਗ’ ਕਰ ਦਿੰਦਾ ਹੈ। ਇਸ ਨੂੰ ਸਾਫਟਵੇਅਰ ਰਾਹੀਂ ਬੁਕਿੰਗ ਦਾ ਸੰਕੇਤ ਮੰਨਿਆ ਜਾਂਦਾ ਹੈ।
ਐਡਰੈੱਸ ਅਤੇ ਮੋਬਾਈਲ ਵਿਚ ਗੜਬੜੀ ਵੀ ਖ਼ਤਰੇ ਦੀ ਘੰਟੀ
ਆਈ.ਡੀ., ਐਡਰੈੱਸ ਅਤੇ ਮੋਬਾਈਲ ਨੰਬਰ ’ਚ ਅਸਾਧਾਰਨ ਬਦਲਾਅ ਹੋਣ ’ਤੇ ਵੀ ਸਿਸਟਮ ਅਲਰਟ ਹੋ ਜਾਵੇਗਾ। ਇਕ ਹੀ ਖੇਤਰ ਤੋਂ ਕਈ ਸ਼ੱਕੀ ਟ੍ਰਾਂਜ਼ੈਕਸ਼ਨ ਪਾਏ ਜਾਣ ’ਤੇ ਬੁਕਿੰਗ ਵਿਚਾਲੇ ਹੀ ਰੋਕੀ ਜਾ ਸਕਦੀ ਹੈ। ਰੇਲਵੇ ਦਾ ਦਾਅਵਾ ਹੈ ਕਿ ਇਸ ਸਖ਼ਤੀ ਨਾਲ ਇਮਾਨਦਾਰ ਯਾਤਰੀਆਂ ਨੂੰ ਰਾਹਤ ਮਿਲੇਗੀ। ਏ.ਆਈ. ਆਧਾਰਿਤ ਨਿਗਰਾਨੀ ਨਾਲ ਫਰਜ਼ੀ ਬੁਕਿੰਗ ’ਤੇ ਰੋਕ ਲੱਗੇਗੀ ਅਤੇ ਕਨਫਰਮ ਟਿਕਟ ਮਿਲਣ ਦੀ ਸੰਭਾਵਨਾ ਵਧੇਗੀ। ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਮ ਪ੍ਰਕਿਰਿਆ ਨਾਲ ਹੀ ਟਿਕਟ ਬੁੱਕ ਕਰਨ ਅਤੇ ਕਿਸੇ ਵੀ ਅਣਅਧਿਕਾਰਤ ਟੂਲ ਤੋਂ ਬਚਣ।
ਅੱਧੇ ਘੰਟੇ ’ਚ 5 ਤੋਂ ਜ਼ਿਆਦਾ ਲਾਗਇਨ ਤਾਂ ਬੈਨ
ਬੁਕਿੰਗ ਦੌਰਾਨ ਕੱਟ-ਪੇਸਟ ਜਾਂ ਹੋਰ ਸ਼ਾਰਟਕੱਟ ਅਪਣਾਉਣ ਵਾਲੇ ਯੂਜ਼ਰ ਵੀ ਜਾਂਚ ਦੇ ਘੇਰੇ ’ਚ ਆ ਸਕਦੇ ਹਨ। ਸਿਸਟਮ ਇਹ ਪਛਾਣਨ ’ਚ ਸਮਰੱਥ ਹੈ ਕਿ ਟਿਕਟ ਵਿਅਕਤੀ ਬੁੱਕ ਕਰ ਰਿਹਾ ਹੈ ਜਾਂ ਕੋਈ ਆਟੋਮੇਟਿਡ ਟੂਲ ਦੀ ਵਰਤੋਂ ਹੋ ਰਹੀ ਹੈ। ਅਧਿਕਾਰੀਆਂ ਅਨੁਸਾਰ ਜੇ ਕੋਈ ਯੂਜ਼ਰ ਅੱਧੇ ਘੰਟੇ ਵਿਚ ਪੰਜ ਵਾਰ ਤੋਂ ਵੱਧ ਲਾਗਇਨ ਜਾਂ ਲਾਗਆਊਟ ਕਰਦਾ ਹੈ, ਤਾਂ ਉਸ ਦਾ ਅਕਾਊਂਟ 24 ਘੰਟੇ ਲਈ ਅਸਥਾਈ ਤੌਰ ’ਤੇ ਬੈਨ ਕੀਤਾ ਜਾ ਸਕਦਾ ਹੈ। ਵਾਰ-ਵਾਰ ਦੀ ਸ਼ੱਕੀ ਗਤੀਵਿਧੀ ਸਿੱਧੀ ਕਾਰਵਾਈ ਦੀ ਵਜ੍ਹਾ ਬਣ ਸਕਦੀ ਹੈ।
