‘ਜਨਨਾਇਕ’ ਖਿਤਾਬ ਦੀ ਹੋ ਰਹੀ ਚੋਰੀ, ਬਿਹਾਰ ਵਾਲੇ ਸਾਵਧਾਨ! : PM ਮੋਦੀ

Sunday, Oct 05, 2025 - 04:20 AM (IST)

‘ਜਨਨਾਇਕ’ ਖਿਤਾਬ ਦੀ ਹੋ ਰਹੀ ਚੋਰੀ, ਬਿਹਾਰ ਵਾਲੇ ਸਾਵਧਾਨ! : PM ਮੋਦੀ

ਨਵੀਂ ਦਿੱਲੀ - ਪੀ.ਐੱਮ. ਸੇਤੂ ਯੋਜਨਾ ਦੀ ਲਾਂਚਿੰਗ ਅਤੇ ਆਈ. ਟੀ. ਆਈ. ਕਨਵੋਕੇਸ਼ਨ ਦੇ ਮੌਕੇ ਆਯੋਜਿਤ ‘ਯੁਵਾ ਸੰਵਾਦ’ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੇ ਵਿਗਿਆਨ ਭਵਨ ਤੋਂ ਰਾਹੁਲ ਗਾਂਧੀ ਅਤੇ ਬਿਹਾਰ ਦੀ ਸਾਬਕਾ ਰਾਜਦ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਭਾਰਤ ਰਤਨ ਕਰਪੂਰੀ ਠਾਕੁਰ ਦੇ ‘ਜਨਨਾਇਕ’ ਖਿਤਾਬ ਦੀ ਚੋਰੀ ਦੀ ਕਵਾਇਦ ਕੀਤੀ ਜਾ ਰਹੀ ਹੈ। ਬਿਹਾਰ ਦੇ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ। ਬੀਤੇ ਦਿਨੀਂ ਵੋਟਰ ਅਧਿਕਾਰ ਯਾਤਰਾ ਦੇ ਸਮੇਂ ਕਾਂਗਰਸ ਨੇਤਾਵਾਂ ਨੇ ਰਾਹੁਲ ਗਾਂਧੀ ਨੂੰ ਤਾਂ ਪੂਰਣੀਆ ਤੋਂ ਸੰਸਦ ਮੈਂਬਰ ਪੱਪੂ ਯਾਦਵ ਨੇ ਤੇਜਸਵੀ ਯਾਦਵ  ਨੂੰ ਜਨਨਾਇਕ ਦੱਸਿਆ ਸੀ। ਕਾਂਗਰਸ ਦੇ ‘ਐਕਸ’ ਹੈਂਡਲ ’ਤੇ ਰਾਹੁਲ ਗਾਂਧੀ ਨੂੰ ‘ਜਨਨਾਇਕ’ ਦੱਸ ਕੇ ਪੋਸਟ ਪਾਈ ਗਈ ਸੀ।

ਯੁਵਾ ਸੰਵਾਦ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਕਿਹਾ ਕਿ ਹੁਨਰ ਕਨਵੋਕੇਸ਼ਨ ’ਚ ਬਿਹਾਰ ਨੂੰ ਨਵੀਂ ਸਕਿਲ ਯੂਨੀਵਰਸਿਟੀ ਮਿਲੀ ਹੈ। ਨਿਤੀਸ਼ ਜੀ ਦੀ ਸਰਕਾਰ ਨੇ ਇਸ ਯੂਨੀਵਰਸਿਟੀ ਦਾ ਨਾਂ ਭਾਰਤ ਰਤਨ ਜਨਨਾਇਕ ਕਰਪੂਰੀ ਠਾਕੁਰ ਜੀ ਦੇ ਨਾਂ ’ਤੇ ਰੱਖਿਆ ਹੈ। ਮੈਂ ਬਿਹਾਰ ਦੇ ਲੋਕਾਂ ਨੂੰ ਕਹਾਂਗਾ ਸਾਵਧਾਨ ਰਹੋ। ਇਹ ਜਨਨਾਇਕ ਖਿਤਾਬ ਕਰਪੂਰੀ ਠਾਕੁਰ  ਨਾਲ ਹੀ ਸ਼ੋਭਾ ਦਿੰਦਾ ਹੈ। 

ਬਿਹਾਰ ਦੀ ਜਨਤਾ ਨੇ ਉਨ੍ਹਾਂ ਦੇ ਕੰਮਾਂ ਨੂੰ ਵੇਖਦੇ ਹੋਏ ਇਹ ਸਨਮਾਨ ਦਿੱਤਾ। ਅੱਜਕੱਲ ਕੁਝ ਲੋਕ ‘ਜਨਨਾਇਕ’ ਦੀ ਵੀ ਚੋਰੀ ਕਰਨ ’ਚ ਲੱਗ ਗਏ ਹਨ। ਇਸ ਲਈ ਬਿਹਾਰ  ਦੇ ਲੋਕਾਂ ਨੂੰ ਚੌਕੰਨੇ ਰਹਿਣ ਦੀ ਅਪੀਲ ਕਰਦਾ ਹਾਂ। ਸਾਡੇ ਕਰਪੂਰੀ ਠਾਕੁਰ ਸਾਹਿਬ ਨੂੰ ਜਨਤਾ ਵੱਲੋਂ ਦਿੱਤਾ ਗਿਆ ਸਨਮਾਨ ਕੋਈ ਚੋਰੀ ਨਾ ਕਰ ਲਵੇ।

ਨੌਜਵਾਨਾਂ ਲਈ 62,000 ਕਰੋੜ ਰੁਪਏ ਤੋਂ ਜ਼ਿਆਦਾ ਦੀਆਂ ਪਹਿਲ-ਕਦਮੀਆਂ ਦਾ ਉਦਘਾਟਨ ਕੀਤਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ  ਨੇ ਬਿਹਾਰ ’ਚ ਰਾਸ਼ਟਰੀ ਜਨਤਾ ਦਲ (ਰਾਜਦ) ਦੇ ਪੁਰਾਣੇ ਸ਼ਾਸਨ ਦੌਰਾਨ ‘ਤਬਾਹ ਹੋਈ ਸਿੱਖਿਆ ਦੀ ਸਥਿਤੀ’ ਨੂੰ ਸੂਬੇ ’ਚੋਂ ਵੱਡੇ ਪੱਧਰ ’ਤੇ ਪਲਾਇਨ ਦਾ ਇਕ ਮੁੱਖ ਕਾਰਨ ਦੱਸਿਆ ਅਤੇ ਹਾਲਾਤ ’ਚ ਸੁਧਾਰ ਲਿਆਉਣ ਅਤੇ ਸੂਬੇ ਨੂੰ ਤਰੱਕੀ ਦੇ ਰਸਤੇ ’ਤੇ ਅੱਗੇ ਵਧਾਉਣ ਲਈ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਰਾਜਗ ਸਰਕਾਰ ਦੀ ਸ਼ਨੀਵਾਰ ਨੂੰ ਸ਼ਲਾਘਾ ਕੀਤੀ। 

ਪ੍ਰਧਾਨ ਮੰਤਰੀ ਨੇ ਬਿਹਾਰ ’ਤੇ ਵਿਸ਼ੇਸ਼ ਜ਼ੋਰ ਦਿੰਦੇ ਹੋਏ 62,000 ਕਰੋੜ ਰੁਪਏ ਤੋਂ ਜ਼ਿਆਦਾ ਦੀਆਂ ਵੱਖ-ਵੱਖ ਨੌਜਵਾਨ-ਕੇਂਦਰਿਤ ਪਹਿਲ-ਕਦਮੀਆਂ ਦਾ ਉਦਘਾਟਨ ਕੀਤਾ। ਮੋਦੀ ਨੇ ਮੁੱਖ ਮੰਤਰੀ ਕੁਮਾਰ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਬਿਹਾਰ ਸਰਕਾਰ ਨੇ ਸੂਬੇ ਦੇ ਵਿਕਾਸ ਲਈ ਨਵੇਂ ਪ੍ਰਣ ਲਏ ਹਨ ਅਤੇ ਪਿਛਲੇ 20 ਸਾਲਾਂ ਦੇ ਮੁਕਾਬਲੇ ਅਗਲੇ 5 ਸਾਲਾਂ ’ਚ ਰੋਜ਼ਗਾਰ ਹਾਸਲ ਕਰਨ ਵਾਲੇ ਲੋਕਾਂ ਦੀ ਗਿਣਤੀ ਨੂੰ ਦੁੱਗਣਾ ਕਰਨ ਦਾ ਫ਼ੈਸਲਾ ਲਿਆ ਹੈ।
 


author

Inder Prajapati

Content Editor

Related News