ਮੱਧ ਪ੍ਰਦੇਸ਼ ਦੇ 200 ਸਾਲ ਪੁਰਾਣੇ ਮੰਦਰ ’ਚ ਚੋਰੀ, ਭਗਵਾਨ ਰਾਮ ਦੀ ਅਸ਼ਟ ਧਾਤੂ ਮੂਰਤੀ ਸਮੇਤ 15 ਮੂਰਤੀਆਂ ਚੋਰੀ
Tuesday, Sep 22, 2026 - 06:26 PM (IST)
ਛਤਰਪੁਰ, (ਏਜੰਸੀ)- ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲੇ ’ਚ ਲੱਗਭਗ 200 ਸਾਲ ਪੁਰਾਣੇ ਬ੍ਰਹਮਾਦੇਵ ਮੰਦਰ ’ਚੋਂ ਭਗਵਾਨ ਰਾਮ ਦੀ ਅਸ਼ਟ ਧਾਤੂ ਮੂਰਤੀ ਸਮੇਤ 15 ਮੂਰਤੀਆਂ ਚੋਰੀ ਹੋ ਗਈਆਂ। ਪੁਲਸ ਅਨੁਸਾਰ ਇਹ ਮੰਦਰ ਛਤਰਪੁਰ ਜ਼ਿਲਾ ਹੈੱਡਕੁਆਰਟਰ ਤੋਂ 15 ਕਿਲੋਮੀਟਰ ਦੂਰ ਮਾਟਾਂਗਵਾ ਥਾਣਾ ਖੇਤਰ ’ਚ ਸਾਗਰ-ਕਾਨਪੁਰ ਰਾਸ਼ਟਰੀ ਰਾਜਮਾਰਗ ’ਤੇ ਸਥਿਤ ਹੈ। ਇਹ ਸਥਾਨਕ ਲੋਕਾਂ ਲਈ ਆਸਥਾ ਦਾ ਇਕ ਪ੍ਰਮੁੱਖ ਕੇਂਦਰ ਹੈ।
ਮਾਟਾਗਵਾ ਪੁਲਸ ਸਟੇਸ਼ਨ ਦੇ ਮੁਖੀ ਅੰਕੁਰ ਚੌਬੇ ਨੇ ਦੱਸਿਆ ਕਿ ਜਦੋਂ ਪੁਲਸ ਸਟੇਸ਼ਨ ਤੋਂ ਲਗਭਗ ਡੇਢ ਕਿਲੋਮੀਟਰ ਦੂਰ ਸਥਿਤ ਉਕਤ ਬ੍ਰਹਮਾਦੇਵ ਮੰਦਰ ਦੇ ਪੁਜਾਰੀ ਕ੍ਰਿਸ਼ਨ ਕੁਮਾਰ ਸ਼ਰਮਾ ਸਵੇਰੇ ਪੂਜਾ ਕਰਨ ਲਈ ਪਹੁੰਚੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਮੰਦਰ ’ਚੋਂ 15 ਮੂਰਤੀਆਂ ਗਾਇਬ ਹਨ। ਮੰਦਰ ’ਚੋਂ ਦੇਵਤਾ ਦੇ 2 ਸਿੰਘਾਸਣ ਵੀ ਗਾਇਬ ਹਨ। ਪੁਜਾਰੀ ਤੋਂ ਸੂਚਨਾ ਮਿਲਣ ’ਤੇ ਪੁਲਸ ਤੁਰੰਤ ਮੌਕੇ ’ਤੇ ਪਹੁੰਚੀ ਤੇ ਸਨਿਫਰ ਡੌਗ ਸਕੁਐਡ ਨੂੰ ਵੀ ਬੁਲਾਇਆ ਗਿਆ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
