ਨੌਜਵਾਨ ਦੇ ਕੱਟਣ ਨਾਲ ਸੱਪ ਦੀ ਮੌਤ

Sunday, Feb 25, 2018 - 10:03 AM (IST)

ਮੁਰੈਨਾ (ਮੱਧ ਪ੍ਰਦੇਸ਼)— ਤੁਸੀਂ ਉਂਝ ਤਾਂ ਹਮੇਸ਼ਾ ਸੱਪ ਦੇ ਕੱਟਣ ਨਾਲ ਕਿਸੇ ਇਨਸਾਨ ਦੀ ਮੌਤ ਦੀ ਖਬਰ ਸੁਣੀ ਹੋਵੇਗੀ ਪਰ ਕੀ ਕਦੇ ਸੁਣਿਆ ਹੈ ਕਿ ਕਿਸੇ ਇਨਸਾਨ ਨੇ ਇਕ ਸੱਪ ਨੂੰ ਕੱਟ ਲਿਆ ਹੋਵੇ ਅਤੇ ਉਸ ਸੱਪ ਨੂੰ ਹੀ ਆਪਣੀ ਜਾਨ ਗਵਾਉਣੀ ਪਈ ਹੋਵੇ। ਯਕੀਨ ਕਰਨਾ ਸ਼ਾਇਦ ਮੁਸ਼ਕਲ ਹੋਵੇ ਪਰ ਇਹ ਸੱਚ ਹੈ ਕਿ ਮੱਧ ਪ੍ਰਦੇਸ਼ 'ਚ ਇਕ ਨੌਜਵਾਨ ਨੇ ਸੱਪ ਨੂੰ ਕੱਟਿਆ ਤਾਂ ਸੱਪ ਦੀ ਹੀ ਮੌਤ ਹੋ ਗਈ।
ਮੱਧ ਪ੍ਰਦੇਸ਼ ਦੇ ਮੁਰੈਨਾ ਜ਼ਿਲੇ ਦੀ ਸਬਲਗੜ੍ਹ ਤਹਿਸੀਲ ਦੇ ਪਚੇਰ ਪਿੰਡ 'ਚ ਅਜਿਹਾ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਸ਼ਰਾਬ ਦੇ ਨਸ਼ੇ 'ਚ ਟੱਲੀ 34 ਸਾਲਾ ਕਲਿਆਣ ਜਾਲਿਮ ਸਿੰਘ ਕੁਸ਼ਵਾਹ ਨੇ ਇਕ ਸੱਪ ਨੂੰ ਫੜ ਕੇ ਉਸ ਨੂੰ ਕੱਟ ਲਿਆ, ਇਸ ਨਾਲ ਸੱਪ ਦੀ ਮੌਤ ਹੋ ਗਈ। ਸ਼ਰਾਬੀ ਨੌਜਵਾਨ ਵੀ ਬਾਅਦ 'ਚ ਬੇਹੋਸ਼ ਹੋ ਕੇ ਡਿੱਗ ਗਿਆ ਪਰ ਉਸ ਨੂੰ ਜ਼ਿਲਾ ਹਸਪਤਾਲ ਤੋਂ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਜ਼ਿਲਾ ਹਸਪਤਾਲ ਦੇ ਮੈਡੀਕਲ ਐਕਸਪਰਟ ਡਾ. ਰਾਘਵੇਂਦਰ ਯਾਦਵ ਨੇ ਦੱਸਿਆ ਕਿ ਨੌਜਵਾਨ ਨੇ ਆਪਣੇ ਖੇਤ 'ਚ ਸ਼ਰਾਬ ਪੀਤੀ ਸੀ। ਨਸ਼ੇ ਦੀ ਹਾਲਤ 'ਚ ਉਸ ਨੇ ਸੱਪ ਨੂੰ ਫੜ ਲਿਆ ਅਤੇ ਉਸ ਨੂੰ ਕੱਟ ਲਿਆ। ਇਸ ਕਾਰਨ ਸੱਪ ਦੀ ਜਾਨ ਚੱਲੀ ਗਈ।


Related News