ਲੌਂਗੇਵਾਲਾ ’ਚ ਪ੍ਰਦਰਸ਼ਿਤ ਕੀਤਾ ਗਿਆ ਦੁਨੀਆ ਦਾ ਸਭ ਤੋਂ ਵੱਡਾ ਤਿਰੰਗਾ, 49 ਦਿਨਾਂ ਵਿਚ ਹੋਇਆ ਤਿਆਰ
Tuesday, Jan 18, 2022 - 01:11 PM (IST)
ਜੈਸਲਮੇਰ (ਵਿਮਲ ਭਾਟੀਆ)- ਪਾਕਿਸਤਾਨ ਸਰਹੱਦ ਨਾਲ ਲੱਗਦੇ ਸਰਹੱਦੀ ਜੈਸਲਮੇਰ ਦੇ ਲੌਂਗੇਵਾਲਾ ਵਿਚ ਫ਼ੌਜ ਦਿਵਸ ਨਵਾਂ ਇਤਿਹਾਸ ਰਚ ਗਿਆ। ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਮੌਕੇ ਦੁਨੀਆ ਦਾ ਸਭ ਤੋਂ ਵੱਡਾ ਖਾਦੀ ਦੇ ਕੱਪੜੇ ਨਾਲ ਬਣਿਆ ਰਾਸ਼ਟਰੀ ਝੰਡਾ ਪ੍ਰਦਰਿਸ਼ਤ ਕੀਤਾ ਗਿਆ। ਦੱਖਣੀ ਕਮਾਨ ਦੇ ਅਧੀਨ ਆਉਣ ਵਾਲੇ ਬੈਟਲ ਐਕਸ ਡਿਵੀਡਨ ਦੇ ਜੀ. ਓ. ਸੀ. ਮੇਜਰ ਜਨਰਲ ਯੋਗੇਂਦਰ ਸਿੰਘ ਮਾਣ ਨੇ ਜੈਸਲਮੇਰ ਫ਼ੌਜੀ ਸਟੇਸ਼ਨ ਵਿਚ 225 ਫੁੱਟ ਲੰਬੇ ਤੇ 150 ਫੁੱਟ ਚੌੜੇ ਆਕਾਰ ਦੇ ਰਾਸ਼ਟਰੀ ਝੰਡੇ ਦੀ ਘੁੰਡ ਚੁਕਾਈ ਕੀਤੀ।
ਜੈਸਲਮੇਰ ਏਅਰਫੋਰਸ ਦੇ ਸਟੇਸ਼ਨ ਕਮਾਂਡਰ ਗਰੁੱਪ ਕੈਪਟਨ ਏ. ਐੱਸ. ਪੰਨੂ ਨੇ ਜੈਸਲਮੇਰ ਦੇ ਸਾਬਕਾ ਮਹਾਰਾਵਲ ਚੈਤਨਯ ਰਾਜ ਸਿੰਘ, ਰਾਜ ਪਰਿਵਾਰ ਮੈਂਬਰ ਵਿਕਰਮ ਸਿੰਘ ਨਾਚਨਾ ਸਮੇਤ ਕਈ ਉੱਚ ਫ਼ੌਜੀ ਅਧਿਕਾਰੀ, ਜਵਾਨ, ਆਮ ਨਾਗਰਿਕ ਆਦਿ ਇਸ ਗੌਰਵਮਈ ਪਲ ਦੇ ਗਵਾਹ ਬਣੇ। ਇਸ ਦੌਰਾਨ ਆਯੋਜਨ ਵਾਲੇ ਸਥਾਨ ’ਤੇ ਇਥੇ ਆਉਣ ਵਾਲੇ ਸੈਲਾਨੀਆਂ ਤੇ ਆਮ ਜਨਤਾ ਲਈ ਟੈਂਕਾਂ, ਗੰਨਸ ਅਤੇ ਹੋਰ ਫ਼ੌਜੀ ਸਾਜੋ-ਸਾਮਾਨ ਦੀ ਸ਼ਾਨਦਾਰ ਫ਼ੌਜੀ ਪ੍ਰਦਰਸ਼ਨੀ ਵੀ ਲਗਾਈ ਗਈ। ਦੱਸਣਯੋਗ ਹੈ ਕਿ ਝੰਡਾ ਲਗਭਗ 37,500 ਵਰਗ ਫੁੱਟ ਏਰੀਆ ਵਿਚ ਫੈਲਿਆ ਹੈ। ਸੂਖਮ, ਲਘੁ ਤੇ ਦਰਮਿਆਨੇ ਉੱਦਮ (ਐੱਮ. ਐੱਸ. ਐੱਮ. ਈ.) ਮੰਤਰਾਲਾ ਮੁਤਾਬਕ ਲਗਭਗ 1400 ਕਿਲੋਗਰਾਮ ਭਾਰ ਵਾਲੇ ਇਸ ਵਿਸ਼ਾਲ ਤਿਰੰਗੇ ਨੂੰ ਪ੍ਰਦਰਸ਼ਿਤ ਕਰਨ ਦਾ ਇਹ 5ਵਾਂ ਜਨਤਕ ਸਥਾਨ ਹੈ। ਝੰਡੇ ਨੂੰ 70 ਕਾਰੀਗਰਾਂ ਨੇ ਮਿਲਕੇ 49 ਦਿਨਾਂ ਵਿਚ ਤਿਆਰ ਕੀਤਾ ਹੈ। ਝੰਡੇ ਨੂੰ ਬਣਾਉਣ ਲਈ 4500 ਮੀਟਰ ਹੱਥ ਨਾਲ ਕੱਟੇ ਅਤੇ ਬੁਣੇ ਖਾਦੀ ਦੇ ਸੂਤੀ ਫਲੈਗ ਬੋਰਡ ਦੀ ਵਰਤੋਂ ਕੀਤੀ ਗਈ ਹੈ।