ਕੋਰੋਨਾ ਕਾਲ 'ਚ ਡਾਕਟਰਾਂ ਦੀਆਂ ਸੇਵਾਵਾਂ ਦੀ PM ਮੋਦੀ ਨੇ ਕੀਤੀ ਤਾਰੀਫ਼, ਦੱਸਿਆ ਸਿਹਤ ਖੇਤਰ ਦਾ 'ਏਜੰਡਾ'
Thursday, Jul 01, 2021 - 03:39 PM (IST)
ਨਵੀਂ ਦਿੱਲੀ- ਰਾਸ਼ਟਰੀ ਡਾਕਟਰ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਵੀਰਵਾਰ ਨੂੰ ਦੇਸ਼ ਭਰ ਦੇ ਡਾਕਟਰਾਂ ਨੂੰ ਸੰਬੋਧਨ ਕੀਤਾ। ਪੀ.ਐੱਮ. ਮੋਦੀ ਨੇ ਕਿਹਾ ਕਿ ਕੋਰੋਨਾ ਦੌਰਾਨ ਸਾਡੇ ਡਾਕਟਰਾਂ ਨੇ ਜਿਸ ਤਰ੍ਹਾਂ ਨਾਲ ਦੇਸ਼ ਦੀ ਸੇਵਾ ਕੀਤੀ ਹੈ, ਉਹ ਆਪਣੇ ਆਪ 'ਚ ਇਕ ਪ੍ਰੇਰਨਾ ਹੈ। ਮੈਂ 130 ਕਰੋੜ ਭਾਰਤੀਆਂ ਵਲੋਂ ਸਾਰੇ ਡਾਕਟਰਾਂ ਦਾ ਆਭਾਰ ਜ਼ਾਹਰ ਕਰਦਾ ਹਾਂ। ਪੀ.ਐੱਮ. ਮੋਦੀ ਨੇ ਕਿਹਾ ਕਿ ਡਾਕਟਰਾਂ ਨੂੰ ਈਸ਼ਵਰ ਦਾ ਦੂਜਾ ਰੂਪ ਕਿਹਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਕੋਰੋਨਾ ਵਿਰੁੱਧ ਇਕ ਵੱਡੀ ਲੜਾਈ ਲੜ ਰਿਹਾ ਹੈ। ਇਸ ਦੌਰਾਨ ਡਾਕਟਰਾਂ ਨੇ ਲੱਖਾਂ ਲੋਕਾਂ ਦੀ ਜਾਨ ਬਚਾਈ ਹੈ, ਕਈ ਡਾਕਟਰਾਂ ਨੇ ਇਸ ਦੌਰਾਨ ਆਪਣਾ ਬਲੀਦਾਨ ਵੀ ਦਿੱਤਾ ਹੈ। ਮੈਂ ਉਨ੍ਹਾਂ ਸਾਰਿਆਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ। ਸਾਡੀ ਸਰਕਾਰ ਨੇ ਸਿਹਤ ਸੇਵਾ ਨੂੰ ਸਰਵਉੱਚ ਪਹਿਲ ਦਿੱਤੀ ਹੈ।
ਇਸ ਸਾਲ ਸਿਹਤ ਸੇਵਾ ਲਈ 2 ਲੱਖ ਕਰੋੜ ਰੁਪਏ ਤੋਂ ਵੱਧ ਦਾ ਬਜਟ
ਆਪਣੀ ਸਰਕਾਰ ਵਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਬਾਰੇ ਦੱਸਦੇ ਹੋਏ ਪੀ.ਐੱਮ. ਮੋਦੀ ਨੇ ਕਿਹਾ ਕਿ ਪਿਛਲੇ ਸਾਲ ਕੋਰੋਨਾ ਦੀ ਪਹਿਲੀ ਲਹਿਰ ਦੌਰਾਨ ਅਸੀਂ ਆਪਣੇ ਸਿਹਤ ਦੇ ਬੁਨਿਆਦੀ ਢਾਂਚੇ 'ਚ ਸੁਧਾਰ ਲਈ 15 ਹਜ਼ਾਰ ਕਰੋੜ ਰੁਪਏ ਅਲਾਟ ਕੀਤੇ ਸਨ। ਇਸ ਸਾਲ ਸਿਹਤ ਸੇਵਾ ਲਈ 2 ਲੱਖ ਕਰੋੜ ਰੁਪਏ ਤੋਂ ਵੱਧ ਦਾ ਬਜਟ ਅਲਾਟ ਹੈ। ਪਿਛਲੀਆਂ ਸਰਕਾਰਾਂ 'ਤੇ ਨਿਸ਼ਾਨਾ ਸਾਧਦੇ ਹੋਏ ਪੀ.ਐੱਮ. ਮੋਦੀ ਨੇ ਕਿਹਾ,''ਇੰਨੇ ਦਹਾਕਿਆਂ 'ਚ ਜਿਸ ਤਰ੍ਹਾਂ ਦਾ ਮੈਡੀਕਲ ਬੁਨਿਆਦੀ ਢਾਂਚਾ ਦੇਸ਼ 'ਚ ਤਿਆਰ ਹੋਇਆ ਸੀ, ਉਸ ਦੀਆਂ ਹੱਦਾਂ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ। ਪਹਿਲੇ ਦੇ ਸਮੇਂ ਮੈਡੀਕਲ ਬੁਨਿਆਦੀ ਢਾਂਚੇ ਨੂੰ ਕਿਸ ਤਰ੍ਹਾਂ ਨਜ਼ਰਅੰਦਾਜ ਕੀਤਾ ਗਿਆ ਸੀ, ਉਸ ਤੋਂ ਵੀ ਤੁਸੀਂ ਜਾਣੂੰ ਹੋ, ਸਾਡੀ ਸਰਕਾਰ ਦਾ ਫੋਕਸ ਮੈਡੀਕਲ ਬੁਨਿਆਦੀ ਢਾਂਚੇ 'ਤੇ ਹੈ।
7 ਸਾਲਾਂ 'ਚ 15 ਨਵੇਂ ਏਮਜ਼ ਦਾ ਕੰਮ ਸ਼ੁਰੂ ਹੋਇਆ
ਉਨ੍ਹਾਂ ਕਿਹਾ ਕਿ ਹੈਲਥ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ 50 ਹਜ਼ਾਰ ਕਰੋੜ ਰੁਪਏ ਦੀ ਇਕ ਕ੍ਰੈਡਿਟ ਗਾਰੰਟੀ ਸਕੀਮ ਲੈ ਕੇ ਆਏ ਹਾਂ, ਜਿੱਥੇ ਸਿਹਤ ਸਹੂਲਤਾਂ ਦੀ ਘਾਟ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਸਾਡੇ ਡਾਕਟਰਾਂ ਦੀ ਸੁਰੱਖਿਆ ਲਈ ਵਚਨਬੱਧ ਹੈ, ਪਿਛਲੇ ਸਾਲ ਅਸੀਂ ਡਾਕਟਰਾਂ ਵਿਰੁੱਧ ਹੋਣ ਵਾਲੇ ਅਪਰਾਧਾਂ ਵਿਰੁੱਧ ਕਈ ਪ੍ਰਬੰਧ ਲਿਆਏ ਸੀ। ਪੀ.ਐੱਮ. ਮੋਦੀ ਨੇ ਕਿਹਾ ਕਿ ਅੱਜ ਦੇਸ਼ 'ਚ ਤੇਜ਼ੀ ਨਾਲ ਨਵੇਂ ਏਮਜ਼ ਖੋਲ੍ਹੇ ਜਾ ਰਹੇ ਹਨ। ਨਵੇਂ ਮੈਡੀਕਲ ਕਾਲਜ ਬਣਾਏ ਜਾ ਰਹੇ ਹਨ, ਆਧੁਨਿਕ ਹੈਲਥ ਬੁਨਿਆਦੀ ਢਾਂਚਾ ਖੜ੍ਹਾ ਕੀਤਾ ਜਾ ਰਿਹਾ ਹੈ। 2014 ਤੱਕ ਦੇਸ਼ 'ਚ ਸਿਰਫ਼ 6 ਏਮਜ਼ ਸਨ, ਉੱਥੇ ਹੀ ਇਨ੍ਹਾਂ 7 ਸਾਲਾਂ 'ਚ 15 ਨਵੇਂ ਏਮਜ਼ ਦਾ ਕੰਮ ਸ਼ੁਰੂ ਹੋਇਆ, ਮੈਡੀਕਲ ਕਾਲਜ ਦੀ ਗਿਣਤੀ ਵੀ ਲਗਭਗ ਡੇਢ ਗੁਣਾ ਵਧੀ ਹੈ।