ਘਰ ਵਿਆਹ ਰੱਖਿਆ, ਹਾਲੇ ਮਾਂ ਦੀ ਲਾਸ਼ ਦਫਨਾ ਦਿਓ, ਬਾਅਦ 'ਚ ਕਰਾਂਗੇ ਸਸਕਾਰ, ਪੁੱਤ ਦਾ ਸ਼ਰਮਨਾਕ ਕਾਰਾ
Monday, Nov 24, 2025 - 06:08 PM (IST)
ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਜੌਨਪੁਰ ਜ਼ਿਲ੍ਹੇ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਪੁੱਤਰ ਨੇ ਆਪਣੀ ਮਾਂ ਦੀ ਮੌਤ ਤੋਂ ਬਾਅਦ ਅੰਤਿਮ ਸੰਸਕਾਰ ਕਰਨ ਦੀ ਥਾਂ ਅਜਿਹੀ ਘਿਨੌਣੀ ਹਰਕਤ ਕੀਤੀ, ਜਿਸ ਨੇ ਮਨੁੱਖਤਾ ਨੂੰ ਸ਼ਰਮਸਾਰ ਕਰ ਦਿੱਤਾ ਹੈ।
ਜਾਣਕਾਰੀ ਅਨੁਸਾਰ ਗੋਰਖਪੁਰ ਦੀ ਰਹਿਣ ਵਾਲੀ ਸ਼ੋਭਾ ਦੇਵੀ ਬਿਮਾਰੀ ਕਾਰਨ ਜੌਨਪੁਰ ਦੇ ਇੱਕ ਬਿਰਧ ਆਸ਼ਰਮ ਵਿੱਚ ਰਹਿ ਰਹੀ ਸੀ, ਜਿੱਥੇ 19 ਨਵੰਬਰ 2025 ਨੂੰ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਜਦੋਂ ਆਸ਼ਰਮ ਦੇ ਲੋਕਾਂ ਨੇ ਮ੍ਰਿਤਕ ਦੇ ਪਰਿਵਾਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੇ ਵੱਡੇ ਪੁੱਤਰ ਨੇ ਜੋ ਜਵਾਬ ਦਿੱਤਾ, ਉਹ ਸੁਣ ਕੇ ਆਸ਼ਰਮ ਸੰਚਾਲਕ ਅਤੇ ਉੱਥੇ ਮੌਜੂਦ ਲੋਕ ਹੈਰਾਨ ਰਹਿ ਗਏ।
ਸ਼ੋਭਾ ਦੇਵੀ ਦੇ ਵੱਡੇ ਬੇਟੇ ਨੇ ਆਸ਼ਰਮ ਨੂੰ ਕਿਹਾ ਕਿ ਮਾਂ ਦੀ ਲਾਸ਼ ਚਾਰ ਦਿਨਾਂ ਲਈ ਡੀਪ ਫ਼੍ਰੀਜ਼ਰ ਵਿੱਚ ਰੱਖਿਆ ਜਾਵੇ, ਕਿਉਂਕਿ ਉਨ੍ਹਾਂ ਦੇ ਘਰ ਵਿੱਚ ਵਿਆਹ ਸਮਾਗਮ ਹੈ ਅਤੇ ਲਾਸ਼ ਆਉਣ ਨਾਲ 'ਅਪਸ਼ਗੁਨ' ਹੋਵੇਗਾ।
ਅੰਤਿਮ ਸੰਸਕਾਰ ਦੀ ਥਾਂ ਜ਼ਮੀਨ ਵਿੱਚ ਦੱਬੀ ਲਾਸ਼
ਇਸ ਘਟਨਾ ਤੋਂ ਬਾਅਦ ਪਰਿਵਾਰ ਦੇ ਹੋਰ ਰਿਸ਼ਤੇਦਾਰਾਂ ਨੂੰ ਸੂਚਨਾ ਮਿਲੀ, ਤਾਂ ਉਨ੍ਹਾਂ ਦੀ ਬੇਨਤੀ 'ਤੇ ਆਸ਼ਰਮ ਦੇ ਲੋਕਾਂ ਨੇ ਕਿਸੇ ਤਰ੍ਹਾਂ ਇੰਤਜ਼ਾਮ ਕਰਕੇ ਸ਼ੋਭਾ ਦੇਵੀ ਦੀ ਲਾਸ਼ ਨੂੰ ਗੋਰਖਪੁਰ ਭੇਜਿਆ। ਹਾਲਾਂਕਿ, ਗੋਰਖਪੁਰ ਪਹੁੰਚਣ ਤੋਂ ਬਾਅਦ ਵੀ ਮਾਮਲਾ ਸ਼ਾਂਤ ਨਹੀਂ ਹੋਇਆ। ਅੰਤਿਮ ਸੰਸਕਾਰ ਦੀ ਥਾਂ, ਪਰਿਵਾਰ ਦੇ ਵੱਡੇ ਬੇਟੇ ਨੇ ਮਾਂ ਦੀ ਲਾਸ਼ ਨੂੰ ਜ਼ਮੀਨ ਵਿੱਚ ਦਫ਼ਨਾ ਦਿੱਤਾ। ਮ੍ਰਿਤਕ ਸ਼ੋਭਾ ਦੇਵੀ ਦੇ ਪਤੀ ਭੁਆਲ ਗੁਪਤਾ ਅਨੁਸਾਰ, ਉਨ੍ਹਾਂ ਦੇ ਬੇਟੇ ਨੇ ਕਿਹਾ ਕਿ ਵਿਆਹ ਖ਼ਤਮ ਹੋਣ ਤੋਂ ਬਾਅਦ ਚਾਰ ਦਿਨ ਗੁਜ਼ਰਨ 'ਤੇ ਲਾਸ਼ ਨੂੰ ਮਿੱਟੀ ਵਿੱਚੋਂ ਕੱਢ ਕੇ ਅੰਤਿਮ ਸੰਸਕਾਰ ਕੀਤਾ ਜਾਵੇਗਾ। ਭੁਆਲ ਗੁਪਤਾ ਇਸ ਗੱਲ ਤੋਂ ਬਹੁਤ ਦੁਖੀ ਹਨ ਕਿ ਇੰਨੇ ਦਿਨਾਂ ਬਾਅਦ ਲਾਸ਼ ਦੀ ਕੀ ਹਾਲਤ ਹੋਵੇਗੀ।
ਇੱਕ ਸਾਲ ਪਹਿਲਾਂ ਘਰੋਂ ਕੱਢਿਆ ਸੀ
ਸ਼ੋਭਾ ਦੇਵੀ ਤੇ ਉਨ੍ਹਾਂ ਦੇ ਪਤੀ ਭੁਆਲ ਗੁਪਤਾ ਨੂੰ ਲਗਭਗ ਇੱਕ ਸਾਲ ਪਹਿਲਾਂ ਪਾਰਿਵਾਰਿਕ ਵਿਵਾਦ ਤੋਂ ਬਾਅਦ ਉਨ੍ਹਾਂ ਦੇ ਵੱਡੇ ਪੁੱਤਰ ਨੇ ਘਰੋਂ ਕੱਢ ਦਿੱਤਾ ਸੀ। ਘਰੋਂ ਬੇਘਰ ਹੋਣ ਕਾਰਨ ਭੁਆਲ ਗੁਪਤਾ ਇੰਨੇ ਜ਼ਿਆਦਾ ਤਣਾਅ ਵਿੱਚ ਸਨ ਕਿ ਉਹ ਖੁਦਕੁਸ਼ੀ ਕਰਨ ਦੇ ਇਰਾਦੇ ਨਾਲ ਰਾਜਘਾਟ ਪਹੁੰਚ ਗਏ ਸਨ। ਉੱਥੇ ਮੌਜੂਦ ਲੋਕਾਂ ਦੀ ਸਲਾਹ 'ਤੇ ਉਹ ਜੌਨਪੁਰ ਦੇ ਬਿਰਧ ਆਸ਼ਰਮ (ਰਵੀ ਕੁਮਾਰ ਚੌਬੇ ਦੁਆਰਾ ਸੰਚਾਲਿਤ) ਪਹੁੰਚੇ, ਜਿੱਥੇ ਉਨ੍ਹਾਂ ਨੂੰ ਸ਼ਰਨ ਮਿਲੀ ਸੀ। ਆਸ਼ਰਮ ਸੰਚਾਲਕ ਰਵੀ ਚੌਬੇ ਨੇ ਦੱਸਿਆ ਕਿ ਮੌਤ ਤੋਂ ਬਾਅਦ ਜਿਸ ਤਰ੍ਹਾਂ ਦਾ ਵਿਵਹਾਰ ਉਨ੍ਹਾਂ ਦੇ ਬੱਚਿਆਂ ਵੱਲੋਂ ਸਾਹਮਣੇ ਆਇਆ, ਉਸ ਨੇ ਸਾਰਿਆਂ ਨੂੰ ਦੁਖੀ ਕੀਤਾ ਹੈ।
