ਮਣੀਪੁਰ ਮਹੀਨਿਆਂ ਤੋਂ ਸੜ ਰਿਹੈ, PM ਦਾ ਸੰਸਦ ''ਚ ਹਾਸਾ ਮਜ਼ਾਕ ਕਰਨਾ ਸ਼ੋਭਾ ਨਹੀਂ ਦਿੰਦਾ : ਰਾਹੁਲ ਗਾਂਧੀ

Friday, Aug 11, 2023 - 04:44 PM (IST)

ਮਣੀਪੁਰ ਮਹੀਨਿਆਂ ਤੋਂ ਸੜ ਰਿਹੈ, PM ਦਾ ਸੰਸਦ ''ਚ ਹਾਸਾ ਮਜ਼ਾਕ ਕਰਨਾ ਸ਼ੋਭਾ ਨਹੀਂ ਦਿੰਦਾ : ਰਾਹੁਲ ਗਾਂਧੀ

ਨਵੀਂ ਦਿੱਲੀ (ਭਾਸ਼ਾ)- ਰਾਜਗ ਸਰਕਾਰ ਖ਼ਿਲਾਫ਼ ਵਿਰੋਧੀ ਦਲਾਂ ਦੇ ਬੇਭਰੋਸਗੀ ਪ੍ਰਸਤਾਵ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਲੋਕ ਸਭਾ 'ਚ ਦਿੱਤੇ ਗਏ ਜਵਾਬ 'ਤੇ ਨਾਰਾਜ਼ਗੀ ਜਤਾਉਂਦੇ ਹੋਏ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਜਿਹੇ ਸਮੇਂ 'ਚ ਜਦੋਂ ਮਣੀਪੁਰ ਮਹੀਨਿਆਂ ਤੋਂ ਸੜ ਰਿਹਾ ਹੈ, ਉਦੋਂ ਸੰਸਦ 'ਚ 'ਹਾਸਾ-ਮਜ਼ਾਕ' ਕਰਨਾ ਉਨ੍ਹਾਂ ਨੂੰ (ਪ੍ਰਧਾਨ ਮੰਤਰੀ ਨੂੰ) ਸ਼ੋਭਾ ਨਹੀਂ ਦਿੰਦਾ। ਮਣੀਪੁਰ ਦੇ ਹਾਲਾਤ 'ਤੇ ਸੰਸਦ 'ਚ ਕਾਂਗਰਸ ਪਾਰਟੀ ਦਾ ਬੇਭਰੋਸਗੀ ਪ੍ਰਸਤਾਵ ਡਿੱਗਣ ਦੇ ਇਕ ਦਿਨ ਬਾਅਦ ਰਾਹੁਲ ਗਾਂਧੀ ਨੇ ਪੱਤਰਕਾਰ ਸੰਮੇਲਨ 'ਚ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨੇ ਲੋਕ ਸਭਾ 'ਚ 2 ਘੰਟਿਆਂ ਤੋਂ ਵੱਧ ਦੇ ਭਾਸ਼ਣ ਦੌਰਾਨ ਮਣੀਪੁਰ 'ਤੇ ਸਿਰਫ਼ 2 ਮਿੰਟ ਗੱਲ ਕੀਤੀ। 

ਇਹ ਵੀ ਪੜ੍ਹੋ : ਤੁਹਾਨੂੰ ਗਰੀਬਾਂ ਦੀ ਭੁੱਖ ਦੀ ਚਿੰਤਾ ਨਹੀਂ, ਤੁਹਾਡੇ ਦਿਮਾਗ 'ਚ ਸੱਤਾ ਦੀ ਭੁੱਖ ਹੈ: PM ਮੋਦੀ ਨੇ ਵਿਰੋਧੀ ਧਿਰ ਨੂੰ ਘੇਰਿਆ

ਰਾਹੁਲ ਨੇ ਕਿਹਾ,''ਵੀਰਵਾਰ ਨੂੰ ਪ੍ਰਧਾਨ ਮੰਤਰੀ ਨੇ ਲੋਕ ਸਭਾ 'ਚ 2 ਘੰਟੇ 13 ਮਿੰਟ ਦਾ ਭਾਸ਼ਣ ਦਿੱਤਾ ਪਰ ਇਸ 'ਚ ਮਣੀਪੁਰ 'ਤੇ ਸਿਰਫ਼ 2 ਮਿੰਟ ਗੱਲ ਕੀਤੀ। ਮਣੀਪੁਰ 'ਚ ਮਹੀਨਿਆਂ ਤੋਂ ਅੱਗ ਲੱਗੀ ਹੈ, ਲੋਕ ਮਾਰੇ ਜਾ ਰਹੇ ਹਨ, ਜਬਰ ਜ਼ਿਨਾਹ ਹੋ ਰਹੇ ਹਨ, ਬੱਚਿਆਂ ਨੂੰ ਮਾਰਿਆ ਜਾ ਰਿਹਾ ਹੈ ਅਤੇ ਪ੍ਰਧਾਨ ਮੰਤਰੀ ਹੱਸ-ਹੱਸ ਕੇ ਗੱਲ ਕਰ ਰਹੇ ਸਨ। ਮਜ਼ਾਕ ਕਰ ਰਹੇ ਸਨ। ਇਹ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨੂੰ ਸ਼ੋਭਾ ਨਹੀਂ ਦਿੰਦਾ।'' ਉਨ੍ਹਾਂ ਕਿਹਾ,''ਸੰਸਦ ਦਰਮਿਆਨ ਬੈਠੇ ਪ੍ਰਧਾਨ ਮੰਤਰੀ ਬੇਸ਼ਰਮੀ ਨਾਲ ਹੱਸ ਰਹੇ ਸਨ, ਮੁੱਦਾ ਕਾਂਗਰਸ ਜਾਂ ਮੈਂ ਨਹੀਂ ਸੀ, ਮੁੱਦਾ ਇਹ ਸੀ ਕਿ ਮਣੀਪੁਰ 'ਚ ਕੀ ਹੋ ਰਿਹਾ ਹੈ? ਅਤੇ ਇਸ ਨੂੰ ਕਿਉਂ ਨਹੀਂ ਰੋਕਿਆ ਜਾ ਰਿਹਾ ਹੈ।'' ਰਾਹੁਲ ਨੇ ਕਿਹਾ ਕਿ ਸਦਨ 'ਚ ਉਨ੍ਹਾਂ ਵਲੋਂ ਕੀਤੀ ਗਈ ਇਹ ਟਿੱਪਣੀ 'ਮਣੀਪੁਰ 'ਚ ਭਾਰਤ ਮਾਤਾ ਦੇ ਕਤਲ ਦੀ' ਸਿਰਫ਼ ਖੋਖਲ੍ਹੇ ਸ਼ਬਦ ਨਹੀਂ ਸਨ। ਉਨ੍ਹਾਂ ਕਿਹਾ,''ਮਣੀਪੁਰ 'ਚ ਭਾਜਪਾ ਨੇ ਹਿੰਦੁਸਤਾਨ ਦਾ ਕਤਲ ਕਰ ਦਿੱਤਾ ਹੈ।'' ਰਾਹੁਲ ਨੇ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਚਾਹੁੰਦੇ ਹਨ ਕਿ ਮਣੀਪੁਰ ਸੜੇ ਨਾ ਕਿ ਅੱਗ ਬੁਝੇ।'' ਉਨ੍ਹਾਂ ਕਿਹਾ ਕਿ ਫ਼ੌਜ 2-3 ਦਿਨ 'ਚ ਸ਼ਾਂਤੀ ਲਿਆ ਸਕਦੀ ਹੈ ਪਰ ਸਰਕਾਰ ਉਸ ਦੀ ਤਾਇਨਾਤੀ ਨਹੀਂ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

DIsha

Content Editor

Related News