ਦੇਸ਼ ਭਰ ਦੇ ਪੋਲਿੰਗ ਸਟੇਸ਼ਨਾਂ ’ਤੇ ਵੋਟਰਾਂ ਦੀ ਗਿਣਤੀ 1500 ਤੋਂ ਘਟ ਕੇ ਹੋਵੇਗੀ 1200
Tuesday, Mar 25, 2025 - 12:02 AM (IST)

ਜਲੰਧਰ- ਚੋਣ ਕਮਿਸ਼ਨ ਨੇ ਹੁਣ ਹਰੇਕ ਪੋਲਿੰਗ ਸਟੇਸ਼ਨ ’ਤੇ ਵੋਟਰਾਂ ਦੀ ਗਿਣਤੀ 1500 ਤੋਂ ਘਟਾ ਕੇ 1200 ਕਰਨ ਦਾ ਫੈਸਲਾ ਕੀਤਾ ਹੈ। ਇਸ ਨਾਲ ਪੂਰੇ ਭਾਰਤ ’ਚ ਕਈ ਲੱਖ ਨਵੇਂ ਪੋਲਿੰਗ ਸਟੇਸ਼ਨ ਬਣਨ ਦੀ ਉਮੀਦ ਹੈ। ਇਸ ਨਾਲ ਈ.ਵੀ.ਐੱਮ. ਅਤੇ ਵੀ.ਵੀ.ਪੀ.ਏ.ਟੀ. ਮਸ਼ੀਨਾਂ ਦੀ ਲੋੜ ਵਧੇਗੀ ਅਤੇ ਚੋਣ ਖਰਚੇ ਵੀ ਵਧਣਗੇ। ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਦੇਸ਼ ਭਰ ’ਚ 3 ਲੱਖ ਤੋਂ ਵੱਧ ਪੋਲਿੰਗ ਸਟੇਸ਼ਨ ਬਣਾਉਣੇ ਪੈ ਸਕਦੇ ਹਨ।
ਇਕੋ ਸਮੇਂ ਚੋਣਾਂ ਕਰਵਾਉਣ ਦਾ ਮੁੜ ਮੁਲਾਂਕਣ
ਇਕ ਰਿਪੋਰਟ ਅਨੁਸਾਰ ਇਹ ਨਵਾਂ ਨਿਯਮ ਬਿਹਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲਾਗੂ ਹੋ ਜਾਵੇਗਾ। ਭਾਰਤ ਨੇ 2024 ਦੀਆਂ ਲੋਕ ਸਭਾ ਚੋਣਾਂ ’ਚ 10.23 ਲੱਖ ਪੋਲਿੰਗ ਸਟੇਸ਼ਨਾਂ ਦੀ ਵਰਤੋਂ ਕੀਤੀ ਸੀ।
‘ਇਕ ਰਾਸ਼ਟਰ, ਇਕ ਚੋਣ’ ਯੋਜਨਾ ਲਈ ਵੀ ਈ.ਵੀ.ਐੱਮ. ਅਤੇ ਵੀ.ਵੀ.ਪੀ.ਏ.ਟੀ. ਲੋੜ ਦਾ ਮੁੜ ਮੁਲਾਂਕਣ ਕੀਤਾ ਜਾਵੇਗਾ। ਚੋਣ ਕਮਿਸ਼ਨ ਜਲਦੀ ਹੀ ਨਵੀਂ ਵੋਟਰ ਹੱਦ ਬਾਰੇ ਨਿਰਦੇਸ਼ ਜਾਰੀ ਕਰਨ ਜਾ ਰਿਹਾ ਹੈ। ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਇਸ ਬਦਲਾਅ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਕਿਸੇ ਵੀ ਪੋਲਿੰਗ ਸਟੇਸ਼ਨ ’ਤੇ 1200 ਤੋਂ ਵੱਧ ਵੋਟਰ ਨਹੀਂ ਹੋਣਗੇ ਅਤੇ ਇਹ ਵੋਟਰਾਂ ਤੋਂ 2 ਕਿਲੋਮੀਟਰ ਦੇ ਘੇਰੇ ’ਚ ਹੋਣਗੇ।