ਦੇਸ਼ 'ਚ ਲਗਾਤਾਰ ਵਧ ਰਹੀ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ, ਇਕ ਦਿਨ ਵਿਚ 700 ਨਵੇਂ ਕੇਸ ਆਏ ਸਾਹਮਣੇ

04/10/2020 12:15:35 PM

ਨਵੀਂ ਦਿੱਲੀ - ਚੀਨ ਤੋਂ ਦੁਨੀਆ ਭਰ ਵਿਚ ਫੈਲੇ ਕੋਰੋਨਾਵਾਇਰਸ ਨੇ ਹੁਣ ਭਾਰਤ 'ਤੇ ਤੇਜ਼ੀ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਹੈ। ਭਾਰਤ ਵਿਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ 5,865 ਹੋ ਗਈ ਹੈ, ਜਦੋਂ ਕਿ 169 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪਿਛਲੇ 24 ਘੰਟਿਆਂ ਦੀ ਗੱਲ ਕਰੀਏ ਤਾਂ ਦੇਸ਼ ਦੀ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਵੀਰਵਾਰ ਨੂੰ ਦੇਸ਼ ਭਰ ਵਿੱਚ ਕੋਰੋਨਾ ਦੇ 781 ਨਵੇਂ ਕੇਸ ਸਾਹਮਣੇ ਆਏ ਹਨ। ਇਹ ਇਕ ਦਿਨ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਕੋਰੋਨਾ ਸੰਕਰਮਣ ਅੰਕੜਾ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਇਕ ਦਿਨ ਵਿਚ 598 ਕੋਰੋਨਾ ਦੇ ਨਵੇਂ ਕੇਸ ਸਾਹਮਣੇ ਆਏ ਸਨ।

ਕੇਂਦਰੀ ਸਿਹਤ ਮੰਤਰਾਲੇ ਦੁਆਰਾ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਸਮੇਂ ਦੇਸ਼ ਵਿਚ ਹੁਣ ਤੱਕ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 5,865 ਤੱਕ ਪਹੁੰਚ ਗਈ ਹੈ, ਜਿਨ੍ਹਾਂ ਵਿੱਚੋਂ 477 ਲੋਕ ਠੀਕ ਹੋ ਕੇ ਘਰ ਚਲੇ ਗਏ ਹਨ, ਜਦੋਂ ਕਿ 5,218 ਮਰੀਜ਼ਾਂ ਦਾ ਵੱਖਰੇ-ਵੱਖਰੇ ਹਸਪਤਾਲਾਂ ਵਿਚ ਇਲਾਜ ਕੀਤਾ ਜਾ ਰਿਹਾ ਹੈ।

ਇਸ ਦੇ ਨਾਲ ਹੀ, ਕੇਂਦਰ ਸਰਕਾਰ ਨੇ ਕੋਰੋਨਾ ਵਾਇਰਸ ਦੀ ਲਾਗ ਦੇ ਦੇਸ਼ ਵਿਚ ਵੱਧ ਰਹੇ ਸੰਕਟ ਕਾਰਨ ਖੂਨਦਾਨ ਮੁਹਿੰਮਾਂ ਦੀ ਸੰਭਾਵਨਾ ਨੂੰ ਖਤਮ ਕਰਦਿਆਂ, ਸੁਰੱਖਿਅਤ ਖੂਨਦਾਨ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।

ਜਾਣੋ ਦੇਸ਼ ਦੇ ਬਾਕੀ ਸੂਬਿਆਂ ਦਾ ਹਾਲ

- ਯੂ.ਪੀ. ਵਿਚ ਪਿਛਲੇ 24 ਘੰਟਿਆਂ ਵਿਚ 51 ਨਵੇਂ ਕੇਸਾਂ ਤੋਂ ਬਾਅਦ, ਮਰੀਜ਼ਾਂ ਦੀ ਗਿਣਤੀ 410 ਹੋ ਗਈ ਹੈ। ਜਿਨ੍ਹਾਂ ਵਿੱਚੋਂ 225 ਤਬਲੀਗੀ ਜਮਾਤ ਨਾਲ ਜੁੜੇ ਹੋਏ ਹਨ। ਉਨ੍ਹਾਂ ਵਿਚੋਂ ਅਲਾਹਾਬਾਦ ਯੂਨੀਵਰਸਿਟੀ ਦਾ ਪ੍ਰੋਫੈਸਰ ਸ਼ਾਹਿਦ ਵੀ ਹੈ, ਜਿਸ ਨੇ ਲੰਮੇ ਸਮੇਂ ਤੋਂ ਜਮਾਤ ਵਿਚ ਸ਼ਾਮਲ ਹੋਣ ਬਾਰੇ ਜਾਣਕਾਰੀ ਲੁਕਾ ਕੇ ਰੱਖੀ ਸੀ। ਹੁਣ ਉਸਨੂੰ ਪਰਿਵਾਰ ਨਾਲੋਂ ਅਲੱਗ ਕਰ ਦਿੱਤਾ ਗਿਆ ਹੈ।

- ਹੁਣ ਤੱਕ 199 ਕੋਰੋਨਾ ਵਾਇਰਸ ਕਾਰਨ ਆਪਣੀ ਜਾਨ ਗਵਾ ਬੈਠੇ ਹਨ। ਕੋਰੋਨਾ ਕਾਰਨ ਪਹਿਲੀ ਮੌਤ ਅੱਜ ਅਸਾਮ ਵਿਚ ਹੋਈ। ਸਿਲਚਰ ਮੈਡੀਕਲ ਕਾਲਜ ਵਿਚ ਇੱਕ 65 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ। ਉਹ ਸਾਊਦੀ ਅਰਬ ਤੋਂ ਵਾਪਸ ਆਇਆ ਸੀ। ਅਸਾਮ ਵਿਚ ਕੋਰੋਨਾ ਕਾਰਨ ਹੋਈ ਮੌਤ ਦਾ ਇਹ ਪਹਿਲਾ ਕੇਸ ਹੈ।

ਦਿੱਲੀ

ਵੀਰਵਾਰ ਨੂੰ ਦਿੱਲੀ ਵਿਚ ਕੋਰੋਨਾ ਦੇ 51 ਮਾਮਲੇ ਦਰਜ ਕੀਤੇ ਗਏ। 35 ਮਾਮਲਿਆਂ ਵਿਚ ਵਿਦੇਸ਼ ਯਾਤਰਾ ਨਾਲ ਸਬੰਧਿਤ ਹਨ। 4 ਕੇਸ ਤਬਲੀਗੀ ਜਮਾਤ ਨਾਲ ਸਬੰਧਤ ਹਨ। ਵੀਰਵਾਰ ਨੂੰ ਕੋਰੋਨਾ ਵਾਇਰਸ ਨਾਲ ਸੰਕਰਮਿਤ 3 ਲੋਕਾਂ ਦੀ ਮੌਤ ਹੋ ਗਈ ਅਤੇ 5 ਮਰੀਜ਼ ਠੀਕ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਰਾਸ਼ਟਰੀ ਰਾਜਧਾਨੀ ਵਿਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਕੁਲ ਗਿਣਤੀ 720 ਹੋ ਗਈ ਹੈ। ਇਨ੍ਹਾਂ ਵਿਚੋਂ 12 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਮਹਾਰਾਸ਼ਟਰ 

ਦੇਸ਼ ਵਿਚ ਕੋਰੋਨਾ ਵਾਇਰਸ ਦਾ ਸਭ ਤੋਂ ਵੱਧ ਪ੍ਰਭਾਵ ਮਹਾਰਾਸ਼ਟਰ ਵਿਚ ਦੇਖਣ ਨੂੰ ਮਿਲ ਰਿਹਾ ਹੈ। ਮਹਾਰਾਸ਼ਟਰ ਵਿਚ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਵੀਰਵਾਰ ਨੂੰ ਮਹਾਰਾਸ਼ਟਰ ਵਿਚ ਸਭ ਤੋਂ ਵੱਧ 229 ਨਵੇਂ ਕੇਸ ਸਾਹਮਣੇ ਆਏ। ਦੇਸ਼ ਵਿਚ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਰਾਜ ਵਿਚ ਇਕ ਦਿਨ ਵਿਚ 150 ਤੋਂ ਵੱਧ ਕੋਰੋਨਾ ਸੰਕਰਮਿਤ ਮਰੀਜ਼ ਸਾਹਮਣੇ ਆਏ ਹਨ। ਮਹਾਰਾਸ਼ਟਰ ਸਰਕਾਰ ਨੇ ਮੁੰਬਈ-ਪੁਣੇ ਦੀਆਂ 5 ਜੇਲ੍ਹਾਂ ਬੰਦ ਕਰਨ ਦੇ ਆਦੇਸ਼ ਦਿੱਤੇ ਹਨ। ਮੁੰਬਈ ਸੈਂਟਰਲ ਜੇਲ, ਠਾਣੇ ਜੇਲ, ਯਰਵਦਾ ਜੇਲ, ਬਾਈਕਲਾ ਜੇਲ, ਕਲਿਆਣ ਜੇਲ ਨੂੰ ਅਗਲੇ ਹੁਕਮਾਂ ਤੱਕ ਮੁਕੰਮਲ ਬੰਦ ਕਰਨ ਲਈ ਕਿਹਾ ਗਿਆ ਸੀ।

ਮੱਧ ਪ੍ਰਦੇਸ਼

ਮੱਧ ਪ੍ਰਦੇਸ਼ ਵਿਚ ਵੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ। ਵੀਰਵਾਰ ਦੀ ਰਾਤ ਤੱਕ ਸੂਬੇ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 411 ਹੋ ਗਈ ਹੈ। ਸੂਬੇ ਦੇ ਇੰਦੌਰ ਵਿਚ ਸਭ ਤੋਂ ਵੱਧ 221 ਸੰਕਰਮਿਤ ਮਰੀਜ਼ ਮਿਲੇ ਹਨ ਜਦੋਂਕਿ ਇਸ ਤੋਂ ਬਾਅਦ ਭੋਪਾਲ ਵਿਚ 98 ਮਰੀਜ਼ ਮਿਲੇ ਹਨ। ਸੂਬੇ ਵਿਚ ਕੋਰੋਨਾ ਵਾਇਰਸ ਦੀ ਲਾਗ ਕਾਰਨ ਹੁਣ ਤਕ 33 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 23 ਇੰਦੌਰ , ਪੰਜ ਉਜੈਨ , ਭੋਪਾਲ, ਖਰਗੋਨ ਅਤੇ ਛਿੰਦਵਾੜਾ ਦੇ ਇਕ-ਇਕ ਵਿਅਕਤੀ ਹਨ।

ਰਾਜਸਥਾਨ

ਰਾਜਸਥਾਨ ਵਿਚ ਵੀ ਮਹਾਂਮਾਰੀ ਦੇ ਕੇਸ ਵੱਧ ਰਹੇ ਹਨ। ਸਿਹਤ ਵਿਭਾਗ ਅਨੁਸਾਰ ਸੂਬੇ ਵਿਚ ਵੀਰਵਾਰ ਨੂੰ 80 ਮਾਮਲੇ ਸਾਹਮਣੇ ਆਏ ਹਨ। ਜੈਪੁਰ ਵਿਚ ਸਭ ਤੋਂ ਵੱਧ 28 ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਸੂਬੇ ਵਿਚ ਕੋਵਿਡ -19 ਦੇ ਮਾਮਲੇ ਵਧ ਕੇ 463 ਹੋ ਗਏ ਹਨ। ਕੋਰੋਨੋਵਾਇਰਸ ਸੂਬੇ ਦੇ 33 ਜ਼ਿਲ੍ਹਿਆਂ ਵਿੱਚੋਂ 24 ਜ਼ਿਲ੍ਹਿਆਂ ਵਿਚ ਫੈਲ ਗਿਆ ਹੈ।

ਗੁਜਰਾਤ

ਅਹਿਮਦਾਬਾਦ ਗੁਜਰਾਤ ਵੀਰਵਾਰ ਨੂੰ 55 ਨਵੇਂ ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿਚੋਂ 50 ਸਿਰਫ ਅਹਿਮਦਾਬਾਦ ਦੇ ਹਨ। ਇਸ ਦੇ ਸੂਰਤ ਵਿਚ ਦੋ ਕੇਸ ਹਨ ਜਦੋਂ ਕਿ ਇਕ ਕੇਸ ਦਾਹਦ, ਆਨੰਦ ਅਤੇ ਛੋਟਾ ਉਦੈਪੁਰ ਜ਼ਿਲ੍ਹਿਆਂ ਦਾ ਹੈ। ਰਾਜ ਦੇ ਕੁੱਲ 241 ਮਾਮਲਿਆਂ ਵਿਚੋਂ 133 ਅਹਿਮਦਾਬਾਦ ਦੇ ਹਨ।

ਉੱਤਰ ਪ੍ਰਦੇਸ਼

ਉੱਤਰ ਪ੍ਰਦੇਸ਼ ਵਿਚ ਵੀਰਵਾਰ ਨੂੰ ਕੋਰੋਨਾ ਵਾਇਰਸ ਦੇ 31 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਮਾਮਲਿਆਂ ਵਿਚ 14 ਤਬਲੀਗੀ ਜਮਾਤ ਨਾਲ ਜੁੜੇ ਹੋਏ ਹਨ। ਆਗਰਾ ਵਿਚ ਵੱਧ ਤੋਂ ਵੱਧ 19 ਕੇਸ ਪਾਏ ਗਏ ਜਦੋਂ ਕਿ ਮੇਰਠ ਵਿੱਚ 6 ਨਵੇਂ ਕੇਸ ਸਾਹਮਣੇ ਆਏ। ਇਸ ਦੇ ਨਾਲ ਹੀ ਗਾਜ਼ੀਆਬਾਦ, ਗੌਤਮ ਬੁੱਧ ਨਗਰ, ਕਾਨਪੁਰ ਨਗਰ, ਹਰਦੋਈ, ਮੁਜ਼ੱਫਰਨਗਰ ਵਿਚ 2 ਕੇਸ ਪਾਏ ਗਏ ਹਨ।

ਪੱਛਮੀ ਬੰਗਾਲ

ਪੱਛਮੀ ਬੰਗਾਲ ਵਿਚ ਵੀਰਵਾਰ ਨੂੰ ਕੋਰੋਨਾ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਵੇਖਿਆ ਗਿਆ। ਜਾਣਕਾਰੀ ਦਿੰਦੇ ਹੋਏ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਵੀਰਵਾਰ ਨੂੰ 12 ਹੋਰ ਲੋਕ ਕੋਰੋਨਾ ਤੋਂ ਸੰਕਰਮਿਤ ਹੋਏ। ਹੁਣ ਤੱਕ 80 ਲੋਕ ਕੋਰੋਨਾ ਨਾਲ ਸੰਕਰਮਿਤ ਹੋਏ ਹਨ ਜਦੋਂ ਕਿ 5 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ : - ਸੌਖਾ ਨਹੀਂ ਹੋਵੇਗਾ ਹਵਾਈ ਕੰਪਨੀਆਂ ਲਈ ਲਾਕਡਾਊਨ ਤੋਂ ਬਾਅਦ ਫਲਾਈਟਾਂ ਦਾ ਸੰਚਾਲਨ ਕਰਨਾ


Harinder Kaur

Content Editor

Related News