ਰਾਹਤ ਭਰੀ ਖ਼ਬਰ : ਦੇਸ਼ ''ਚ 73 ਦਿਨਾਂ ਬਾਅਦ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ 8 ਲੱਖ ਤੋਂ ਹੇਠਾਂ
Friday, Jun 18, 2021 - 10:35 AM (IST)
ਨਵੀਂ ਦਿੱਲੀ- ਦੇਸ਼ 'ਚ ਕੋਰੋਨਾ ਵਾਇਰਸ (ਕੋਵਿਡ-19) ਦੀ ਰਫ਼ਤਾਰ ਮੱਠੀ ਪੈਣ ਅਤੇ ਸੰਕਰਮਣ ਦੇ ਨਵੇਂ ਮਾਮਲਿਆਂ ਦੀ ਤੁਲਨਾ 'ਚ ਸਿਹਤਮੰਦ ਹੋਣ ਵਾਲਿਆਂ ਦੀ ਗਿਣਤੀ ਵੱਧ ਰਹਿਣ ਨਾਲ ਸਰਗਰਮ ਮਾਮਲੇ ਲਗਾਤਾਰ ਘੱਟ ਰਹੇ ਹਨ। 73 ਦਿਨਾਂ ਬਾਅਦ ਹੁਣ ਇਹ ਗਿਣਤੀ 8 ਲੱਖ ਤੋਂ ਹੇਠਾਂ ਆ ਗਈ ਹੈ। ਇਸ ਵਿਚ ਵੀਰਵਾਰ ਨੂੰ 32 ਲੱਖ 59 ਹਜ਼ਾਰ 003 ਲੋਕਾਂ ਨੂੰ ਕੋਰੋਨਾ ਦੇ ਟੀਕੇ ਲਗਾਏ ਗਏ। ਦੇਸ਼ 'ਚ ਹੁਣ ਤੱਕ 26 ਕਰੋੜ 89 ਲੱਖ 60 ਹਜ਼ਾਰ 399 ਲੋਕਾਂ ਦੀ ਟੀਕਾਕਰਨ ਕੀਤਾ ਜਾ ਚੁਕਿਆ ਹੈ। ਕੇਂਦਰੀ ਸਿਹਤ ਮੰਤਰਾਲਾ ਵਲੋਂ ਸ਼ੁੱਕਰਵਾਰ ਸਵੇਰੇ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ 'ਚ 62,480 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਹੀ ਪੀੜਤਾਂ ਦਾ ਅੰਕੜਾ ਵੱਧ ਕੇ 2,97,62,793 ਹੋ ਗਿਆ। ਇਸ ਦੌਰਾਨ 88 ਹਜ਼ਾਰ 977 ਮਰੀਜ਼ ਸਿਹਤਮੰਦ ਹੋਏ ਹਨ, ਜਿਸ ਨੂੰ ਮਿਲਾ ਕੇ ਦੇਸ਼ 'ਚ ਹੁਣ ਤੱਕ 2 ਕਰੋੜ 85 ਲੱਖ 80 ਹਜ਼ਾਰ 647 ਲੋਕ ਇਸ ਮਹਾਮਾਰੀ ਤੋਂ ਠੀਕ ਹੋ ਚੁਕੇ ਹਨ।
ਸਰਗਰਮ ਮਾਮਲੇ 28 ਹਜ਼ਾਰ 084 ਘੱਟ ਹੋ ਕੇ 7 ਲੱਖ 98 ਹਜ਼ਾਰ 656 ਰਹਿ ਗਏ ਹਨ। ਇਹ ਦੇਸ਼ 'ਚ ਪਿਛਲੇ 73 ਦਿਨਾਂ 'ਚ ਸਰਗਰਮ ਮਾਮਲਿਆਂ ਦੀ ਘੱਟੋ-ਘੱਟ ਗਿਣਤੀ ਹੈ। ਪਿਛਲੇ 24 ਘੰਟਿਆਂ ਦੌਰਾਨ 1,587 ਮਰੀਜ਼ ਆਪਣੀ ਜਾਨ ਗੁਆ ਬੈਠੇ ਅਤੇ ਇਸ ਬੀਮਾਰੀ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ ਵੱਧ ਕੇ 3 ਲੱਖ 83 ਹਜ਼ਾਰ 490 ਹੋ ਗਈ ਹੈ। ਦੇਸ਼ 'ਚ ਸਰਗਰਮ ਮਾਮਲਿਆਂ ਦੀ ਦਰ ਘੱਟ ਕੇ 2.68 ਫੀਸਦੀ, ਰਿਕਵਰੀ ਦਰ ਵੱਧ ਕੇ 96.03 ਫੀਸਦੀ ਅਤੇ ਮੌਤ ਦਰ 1.29 ਫੀਸਦੀ ਹੋ ਗਈ ਹੈ।